ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਤੋਂ ਈਰਾਨ ਲਈ ਰਵਾਨਾ
Saturday, Sep 05, 2020 - 06:57 PM (IST)
ਮਾਸਕੋ: ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਨੂੰ ਮਾਸਕੋ ਤੋਂ ਈਰਾਨ ਲਈ ਰਵਾਨਾ ਹੋ ਗਏ ਜਿਥੇ ਉਹ ਆਪਣੇ ਈਰਾਨੀ ਹਮਰੁਤਬਾ ਨਾਲ ਮੁਲਾਕਾਤ ਕਰਕੇ ਦੋ-ਪੱਖੀ ਰੱਖਿਆ ਸਬੰਧਾਂ 'ਤੇ ਚਰਚਾ ਕਰਨਗੇ। ਇਸ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਫਾਰਸ ਦੀ ਖਾੜੀ ਦੇ ਦੇਸ਼ਾਂ ਨੂੰ ਆਪਣੇ ਮੱਤਭੇਦਾਂ ਨੂੰ ਸਨਮਾਨ ਨਾਲ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਸੀ।
ਮਾਸਕੋ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੌਰਾਨ ਰੱਖਿਆ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਦੇ ਲਈ ਸਿੰਘ ਤਿੰਨ ਦਿਨਾਂ ਰੂਸ ਯਾਤਰਾ 'ਤੇ ਸਨ। ਉਨ੍ਹਾਂ ਨੇ ਰੂਸ, ਚੀਨ ਤੇ ਮੱਧ ਏਸ਼ੀਆਈ ਦੇਸ਼ਾਂ ਦੇ ਆਪਣੇ ਹਮਰੁਤਬਾ ਨੇਤਾਵਾਂ ਦੇ ਨਾਲ ਇਸ ਦੌਰਾਨ ਦੋ-ਪੱਖੀ ਗੱਲਬਾਤ ਵੀ ਕੀਤੀ। ਸਿੰਘ ਨੇ ਇਕ ਟਵੀਟ ਵਿਚ ਕਿਹਾ ਕਿ ਤਹਿਰਾਨ ਦੇ ਲਈ ਮਾਸਕੋ ਤੋਂ ਰਵਾਨਾ ਹੋ ਰਿਹਾ ਹਾਂ। ਮੈਂ ਈਰਾਨ ਦੇ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਆਮਿਰ ਹਤਾਮੀ ਨਾਲ ਮੁਲਾਕਾਤ ਕਰਾਂਗਾ। ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਫਾਰਸ ਦੀ ਖਾੜੀ ਵਿਚ ਹਾਲਾਤ ਨੂੰ ਲੈ ਕੇ 'ਬੇਹੱਦ ਚਿੰਤਤ' ਹਨ ਤੇ ਖੇਤਰ ਦੇ ਦੇਸ਼ਾਂ ਨਾਲ ਲਗਾਤਾਰ ਸਨਮਾਨ 'ਤੇ ਆਧਾਰਿਤ ਗੱਲਬਾਤ ਦੇ ਰਾਹੀਂ ਆਪਣੇ ਮਸਲਿਆਂ ਨੂੰ ਸੁਲਝਾਉਣ ਦੀ ਅਪੀਲ ਕਰਦੇ ਹਨ। ਫਾਰਸ ਦੀ ਖਾੜੀ ਵਿਚ ਹਾਲ ਦੇ ਹਫਤਿਆਂ ਵਿਚ ਈਰਾਨ, ਅਮਰੀਕਾ ਤੇ ਸੰਯੁਕਤ ਅਰਬ ਅਮੀਰਾਤ ਨਾਲ ਸਬੰਧਿਤ ਕਈ ਘਟਨਾਵਾਂ ਨੇ ਖੇਤਰ ਵਿਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਥੇ ਸ਼ੰਘਾਈ ਸਹਿਯੋਗ ਸੰਗਠਨ ਦੀ ਇਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਅਸੀਂ ਫਾਰਸ ਦੀ ਖਾੜੀ ਵਿਚ ਹਾਲਾਤ ਨੂੰ ਲੈ ਕੇ ਬੇਹੱਦ ਚਿੰਤਿਤ ਹਾਂ।