ਰੱਖਿਆ ਅਤੇ ਸੁਰੱਖਿਆ ਭਾਰਤ-ਆਸਟ੍ਰੇਲੀਆ ਹਿੱਸੇਦਾਰੀ ਦੇ ਪ੍ਰਮੁੱਖ ਥੰਮ : ਵਿਦੇਸ਼ ਮੰਤਰੀ ਜੈਸ਼ੰਕਰ
Friday, Feb 11, 2022 - 05:40 PM (IST)
ਮੈਲਬੌਰਨ (ਭਾਸ਼ਾ): ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਇੱਕ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਆਸਟ੍ਰੇਲੀਆਈ ਰੱਖਿਆ ਮੰਤਰੀ ਪੀਟਰ ਡਟਨ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਰੱਖਿਆ ਅਤੇ ਸੁਰੱਖਿਆ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਹਿੱਸੇਦਾਰੀ ਦੇ ਪ੍ਰਮੁੱਖ ਥੰਮ ਹਨ। ਜੈਸ਼ੰਕਰ ਵਿਦੇਸ਼ ਮੰਤਰੀ ਦੇ ਰੂਪ ਵਿੱਚ ਆਸਟ੍ਰੇਲੀਆ ਦੇ ਪਹਿਲੇ ਦੌਰੇ 'ਤੇ ਆਏ ਹਨ। ਉਹ ਕਵਾਡ ਮੀਟਿੰਗ ਵਿਚ ਹਿੱਸਾ ਲੈਣ ਦੇ ਨਾਲ-ਨਾਲ 12 ਫਰਵਰੀ ਨੂੰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪਾਈਨੇ ਨਾਲ ਭਾਰਤ-ਆਸਟ੍ਰੇਲੀਆ ਵਿਦੇਸ਼ ਮੰਤਰੀਆਂ ਦੀ 12ਵੀਂ ਰੂਪਰੇਖਾ ਗੱਲਬਾਤ ਦੀ ਸਹਿ-ਪ੍ਰਧਾਨਗੀ ਕਰਨਗੇ।
ਜੈਸ਼ੰਕਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਦਿਨ ਦੀ ਸ਼ੁਰੂਆਤ ਰੱਖਿਆ ਮੰਤਰੀ ਪੀਟਰ ਡਟਨ ਨਾਲ ਮੁਲਾਕਾਤ ਤੋਂ ਹੋਈ। ਅਸੀਂ ਪਿਛਲੇ ਸਾਲ 'ਟੂ ਪਲੱਸ ਟੂ' ਦੀ ਚਰਚਾ ਨੂੰ ਅੱਗੇ ਵਧਾਇਆ ਸੀ। ਉਨ੍ਹਾਂ ਨੇ ਕਿਹਾ ਕਿ ਰੱਖਿਆ ਅਤੇ ਸੁਰੱਖਿਆ ਭਾਰਤ-ਆਸਟ੍ਰੇਲੀਆ ਹਿੱਸੇਦਾਰੀ ਦੇ ਪ੍ਰਮੁੱਖ ਥੰਮ ਹਨ। ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਸਾਲ ਦਿੱਲੀ 'ਚ ਆਪਣੇ ਆਸਟ੍ਰੇਲੀਆਈ ਹਮਰੁਤਬਿਆਂ ਮਾਰਿਸ ਪਾਈਨੇ ਅਤੇ ਪੀਟਰ ਡਟਨ ਨਾਲ 'ਟੂ-ਪਲੱਸ-ਟੂ' ਗੱਲਬਾਤ ਕੀਤੀ ਸੀ। ਰਣਨੀਤਕ ਖੇਤਰ ਵਿੱਚ ਚੀਨ ਦੀ ਵਧਦੀ ਫ਼ੌਜੀ ਹਮਲਾਵਰਤਾ ਦੇ ਵਿਚਕਾਰ ਵਾਰਤਾ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਸਮੇਤ ਵਿਭਿੰਨ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਵਧਾਉਣਾ ਸੀ। ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਕਵਾਡ ਮੈਂਬਰ ਦੇਸ਼ਾਂ ਵੱਲੋਂ ਨਵੇਂ ਸਿਰੇ ਤੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਵਿਚਕਾਰ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰ 'ਤੇ ਗੱਲਬਾਤ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਘਟੀ ਲੋਕਪ੍ਰਿਅਤਾ, ਕਰੀਬ 58 ਫੀਸਦੀ ਲੋਕਾਂ ਨੇ ਕੀਤਾ ਅਸਵੀਕਾਰ
ਭਾਰਤ ਅਤੇ ਆਸਟ੍ਰੇਲੀਆ ਤੋਂ ਇਲਾਵਾ ਕਵਾਡ ਵਿੱਚ ਅਮਰੀਕਾ ਅਤੇ ਜਾਪਾਨ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਰੱਖਿਆ ਅਤੇ ਫ਼ੌਜੀ ਸਹਿਯੋਗ ਵਿੱਚ ਵਾਧਾ ਹੋਇਆ ਹੈ। ਜੂਨ 2020 ਵਿੱਚ ਭਾਰਤ ਅਤੇ ਆਸਟ੍ਰੇਲੀਆ ਨੇ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਹਿੱਸੇਦਾਰੀ ਤੱਕ ਵਧਾਇਆ ਅਤੇ ਪੀਐਮ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਵਿਚਕਾਰ ਆਨਲਾਈਨ ਸਿਖਰ ਸੰਮੇਲਨ ਦੌਰਾਨ ਸਾਜੋ ਸਾਮਾਨ ਦੀ ਮਦਦ ਲਈ ਮਿਲਟਰੀ ਅੱਡਿਆਂ ਤੱਕ ਆਪਸੀ ਪਹੁੰਚ ਨੂੰ ਲੈ ਕੇ ਇੱਕ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਸ਼ਿਵਰਾਤਰੀ ਤੋਂ ਨੇਪਾਲ 'ਚ ਪਹਿਲਾਂ ਖੋਲ੍ਹੇ ਗਏ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ