ਕਰਜ਼ੇ ਦੇ ਬੋਝ ਹੇਠ ਦੱਬੇ ਪਾਕਿਸਤਾਨੀ ਪੱਤਰਕਾਰ ਨੇ ਕੀਤੀ ਖੁਦਕੁਸ਼ੀ
Saturday, Nov 27, 2021 - 03:51 PM (IST)
ਇਸਲਾਮਾਬਾਦ (ਵਾਰਤਾ)-ਪਾਕਿਸਤਾਨ ਦੇ ਕਰਾਚੀ ’ਚ ਕੁਝ ਮਹੀਨੇ ਪਹਿਲਾਂ ਨੌਕਰੀ ਤੋਂ ਕੱਢੇ ਗਏ ਇਕ ਪੱਤਰਕਾਰ ਨੇ ਬੇਰੁਜ਼ਗਾਰੀ, ਵਧਦੀ ਮਹਿੰਗਾਈ ਅਤੇ 60,000 ਰੁਪਏ ਦੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਜਿਓ ਟੀ.ਵੀ. ਨੇ ਦੱਸਿਆ ਕਿ ਪੱਤਰਕਾਰ ਫਹੀਮ ਮੁਗਲ ਸ਼ੁੱਕਰਵਾਰ ਸਵੇਰੇ ਆਪਣੇ ਘਰ ਦੀ ਛੱਤ ਨਾਲ ਫਾਹੇ ਨਾਲ ਲਟਕਦਾ ਪਾਇਆ ਗਿਆ। ਉਹ ਆਪਣੇ ਪਿੱਛੇ ਪਤਨੀ, ਪੰਜ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਫਹੀਮ ਨੇ 2 ਜੂਨ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਸਟੇਟਸ ਪੋਸਟ ਕੀਤਾ ਸੀ, ਜਿਸ ’ਚ ਲਿਖਿਆ ਸੀ, ‘‘ਮੇਰੀ ਨੌਕਰੀ ਚਲੀ ਗਈ ਹੈ, ਇਸ ਲਈ ਮੈਂ ਬਹੁਤ ਚਿੰਤਤ ਹਾਂ। ਮੇਰੇ ਲਈ ਦੁਆ ਕਰੋ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਜੂਨ ਵਿਚ ਇਕ ਮੀਡੀਆ ਸਮੂਹ ਵੱਲੋਂ ਨੌਕਰੀ ਤੋਂ ਕੱਢਣ ਤੋਂ ਬਾਅਦ ਫਹੀਮ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਰਿਕਸ਼ਾ ਚਲਾ ਰਹੇ ਸਨ।
ਉਨ੍ਹਾਂ ਦੀ ਸਭ ਤੋਂ ਵੱਡੀ ਧੀ ਨੇ ਕਿਹਾ, "ਅਕਸਰ, ਅਸੀਂ ਹਫ਼ਤਿਆਂ ਤੱਕ ਭੋਜਨ ਤੋਂ ਬਿਨਾਂ ਰਹਿੰਦੇ ਸਨ...ਉਹ ਨੇੜਲੇ ਜੇ.ਡੀ.ਸੀ. (ਇਕ ਚੈਰਿਟੀ ਸੰਸਥਾ) ਤੋਂ ਭੋਜਨ ਲਿਆਉਂਦਾ ਸੀ। ਪਾਕਿਸਤਾਨੀ ਅਖਬਾਰ ਨੇ ਦੱਸਿਆ ਕਿ ਫਹੀਮ ਦੇ ਦੋਸਤ ਉਮੈਰ ਦਬੀਰ ਨੇ ਖੁਲਾਸਾ ਕੀਤਾ ਕਿ ਖ਼ੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਫਹੀਮ ਕੋਲ ਆਪਣੇ ਬੱਚੇ ਲਈ ਦੁੱਧ ਖਰੀਦਣ ਲਈ ਪੈਸੇ ਨਹੀਂ ਸਨ। ਫਹੀਮ ਦੇ ਦੋਸਤ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਸਕੂਲਾਂ ’ਚ ਦਾਖਲੇ ਲਈ 60,000 ਰੁਪਏ ਦਾ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਕੁਝ ਸਮਾਂ ਪਹਿਲਾਂ ਕਿਹਾ, ‘‘ਹੁਣ, ਮੈਨੂੰ ਨਹੀਂ ਲੱਗਦਾ ਕਿ ਮੈਂ ਕਰਜ਼ਾ ਵਾਪਸ ਕਰ ਸਕਾਂਗਾ। ਬੈਂਕ ਕਰਮਚਾਰੀ ਮੈਨੂੰ ਧਮਕੀਆਂ ਦੇ ਰਹੇ ਹਨ।’’ ਇਹ ਘਟਨਾ ਦਰਸਾਉਂਦੀ ਹੈ ਕਿ ਮਹਿੰਗਾਈ ਕਾਰਨ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ ਖਰੀਦਣ ਲਈ ਕਿੰਨਾ ਸੰਘਰਸ਼ ਕਰ ਰਹੇ ਹਨ। ਪਾਕਿਸਤਾਨ ਨੇ ਅਕਤੂਬਰ ਦੇ ਅਖੀਰ ’ਚ 70 ਸਾਲ ਦੇ ਉੱਚੇ ਮਹਿੰਗਾਈ ਰਿਕਾਰਡ ਨੂੰ ਤੋੜ ਦਿੱਤਾ ਕਿਉਂਕਿ ਭੋਜਨ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਅਤੇ ਘਿਓ, ਤੇਲ, ਖੰਡ, ਆਟਾ ਅਤੇ ਪੋਲਟਰੀ ਦੀਆਂ ਕੀਮਤਾਂ ਇਤਿਹਾਸਕ ਉੱਚਾਈਆਂ ’ਤੇ ਪਹੁੰਚ ਗਈਆਂ।
ਨਿਊਜ਼ ਇੰਟਰਨੈਸ਼ਨਲ ਨੇ ਫੈਡਰਲ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲੇ ਨਾਲ ਕਿਹਾ ਕਿ ਅਕਤੂਬਰ 2018 ਤੋਂ ਅਕਤੂਬਰ 2021 ਦਰਮਿਆਨ ਬਿਜਲੀ ਦਰਾਂ 4.06 ਰੁਪਏ ਪ੍ਰਤੀ ਯੂਨਿਟ ਤੋਂ 57 ਫੀਸਦੀ ਵਧ ਕੇ 6.38 ਰੁਪਏ ਪ੍ਰਤੀ ਯੂਨਿਟ ਹੋ ਗਈਆਂ ਹਨ। ਸਭ ਤੋਂ ਵੱਧ ਕੀਮਤਾਂ ’ਚ ਵਾਧਾ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਘਿਓ ਤੇ ਤੇਲ ਵਿਚ ਹੋਇਆ ਹੈ। ਘਿਓ ਦੀ ਕੀਮਤ 108 ਫੀਸਦੀ ਵਧ ਕੇ 356 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦੌਰਾਨ ਖੰਡ ਦੀ ਕੀਮਤ ਤਿੰਨ ਸਾਲਾਂ ’ਚ 83 ਫੀਸਦੀ ਵਧੀ ਹੈ।