ਸੀਰੀਆ ਅਤੇ ਤੁਰਕੀ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 28,000 ਤੋਂ ਪਾਰ, ਬਚਾਅ ਕਾਰਜ ਜਾਰੀ
Sunday, Feb 12, 2023 - 11:03 AM (IST)
ਦਮਿਸ਼ਕ (ਭਾਸ਼ਾ)- ਤੁਰਕੀ ਅਤੇ ਸੀਰੀਆ ਵਿੱਚ 5 ਦਿਨ ਪਹਿਲਾਂ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 28,000 ਨੂੰ ਪਾਰ ਕਰ ਗਈ ਹੈ ਅਤੇ ਹੋਰ ਲੋਕਾਂ ਦੇ ਜਿਊਂਦਾ ਬਚਣ ਦੀ ਤੇਜੀ ਨਾਲ ਘੱਟ ਰਹੀ ਉਮੀਦ ਦੇ ਵਿਚਕਾਰ ਬਚਾਅ ਕਾਰਜ ਜਾਰੀ ਹਨ। ਇਸ ਭੂਚਾਲ ਕਾਰਨ ਇਕੱਲੇ ਤੁਰਕੀ ਵਿੱਚ 24,617 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 80,000 ਲੋਕ ਜ਼ਖ਼ਮੀ ਹੋਏ ਹਨ। ਉਥੇ ਹੀ ਸੀਰੀਆ ਵਿਚ 3,575 ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਤੋਂ ਬਾਅਦ ਲੋਕਾਂ ਦੀ ਜਾਨ ਬਚਾਉਣ ਲਈ ਬਚਾਅ ਕਰਮਚਾਰੀ ਕੜਾਕੇ ਦੀ ਠੰਡ ਵਿੱਚ ਪਿਛਲੇ 5 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਬਚਾਅ ਮੁਹਿੰਮ ਦੌਰਾਨ ਸ਼ਨੀਵਾਰ ਨੂੰ 12 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ।
ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ ਤੇ ਸੀਰੀਆ ’ਚ 6ਵਾਂ ਦਿਨ; ਅਜੇ ਵੀ ਮਲਬੇ 'ਚ ਦੱਬੇ ਮਿਲ ਰਹੇ ਹਨ ਜਿੰਦਾ ਲੋਕ
ਵਾਰ-ਵਾਰ ਬੇਹੋਸ਼ ਹੋ ਰਹੇ ਅਤੇ ਹੋਸ਼ ਵਿਚ ਆ ਰਹੇ ਇਬਰਾਹਿਮ ਜ਼ਕਰੀਆ ਨਾਂ ਦੇ ਵਿਅਕਤੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੰਨੇ ਦਿਨਾਂ ਤੋਂ ਆਪਣੇ ਘਰ ਦੇ ਮਲਬੇ ਹੇਠਾਂ ਦੱਬਿਆ ਹੋਇਆ ਸੀ। ਜ਼ਕਰੀਆ ਨੂੰ ਸ਼ੁੱਕਰਵਾਰ ਰਾਤ ਨੂੰ ਬਚਾਇਆ ਗਿਆ ਸੀ। ਜ਼ਕਾਰੀਆ ਨੇ ਸ਼ਨੀਵਾਰ ਨੂੰ ਹਸਪਤਾਲ ਵਿਚ ਕਿਹਾ ਕਿ ਮੈਂ ਸੋਚਿਆ ਕਿ ਮੈਂ ਮਰਨ ਜਾ ਰਿਹਾ ਹਾਂ ਅਤੇ ਮੇਰੇ ਲਈ ਦੁਬਾਰਾ ਜੀਣਾ ਅਸੰਭਵ ਹੋਵੇਗਾ। ਸ਼ਨੀਵਾਰ ਦੇ ਭੂਚਾਲ ਤੋਂ ਬਾਅਦ ਬਚਾਏ ਗਏ ਲੋਕਾਂ ਵਿੱਚ ਅਟੰਕਿਆ ਵਿੱਚ ਇੱਕ 7 ਮਹੀਨੇ ਦਾ ਬੱਚਾ ਅਤੇ ਕਾਹਰਾਮਨਮਾਰਸ ਵਿੱਚ ਇੱਕ ਪਰਿਵਾਰ ਸ਼ਾਮਲ ਸੈ। ਟੈਲੀਵਿਜ਼ਨ ਨੈੱਟਵਰਕ ਹੈਬਰਟੁਰਕ ਨੇ ਦੱਸਿਆ ਕਿ ਸੀਰੀਆ ਦੀ ਸਰਹੱਦ ਨਾਲ ਲੱਗਦੇ ਗਾਜ਼ੀਅਨਟੇਪ ਸੂਬੇ ਦੇ ਨੂਰਦਾਗੀ ਸ਼ਹਿਰ ਵਿੱਚ ਇੱਕ ਇਮਾਰਤ ਦੇ ਮਲਬੇ ਵਿੱਚੋਂ ਇੱਕ ਪਰਿਵਾਰ ਦੇ 5 ਮੈਂਬਰਾਂ ਨੂੰ ਬਚਾਇਆ ਗਿਆ। ਇਸਲਾਹੀਏ ਕਸਬੇ ਵਿੱਚ ਇੱਕ ਵਿਅਕਤੀ ਅਤੇ ਉਸਦੀ 3 ਸਾਲ ਦੀ ਧੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਹਤਾਏ ਸੂਬੇ ਵਿੱਚ ਇੱਕ 7 ਸਾਲ ਦੀ ਬੱਚੀ ਨੂੰ ਬਚਾਇਆ ਗਿਆ।
ਇਲਬਿਸਤਾਨ ਵਿੱਚ, 20 ਸਾਲਾ ਮੇਲਿਸਾ ਉਲਕੂ ਅਤੇ ਇੱਕ ਹੋਰ ਵਿਅਕਤੀ ਨੂੰ 132 ਘੰਟਿਆਂ ਤੱਕ ਮਲਬੇ ਹੇਠ ਦੱਬੇ ਰਹਿਣ ਤੋਂ ਬਾਅਦ ਬਚਾ ਲਿਆ ਗਿਆ। ਤੁਰਕੀ ਦੇ ਟੀਵੀ ਸਟੇਸ਼ਨ ਐੱਨ.ਟੀ.ਵੀ. ਨੇ ਦੱਸਿਆ ਕਿ ਹਤਾਏ ਸੂਬੇ ਦੇ ਇਸਕੇਂਡਰੁਨ ਵਿੱਚ 138 ਘੰਟਿਆਂ ਤੱਕ ਮਲਬੇ ਹੇਠ ਫਸੇ ਇੱਕ 44 ਸਾਲਾ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਬਚਾਅ ਕਰਮਚਾਰੀਆਂ ਨੇ ਇਸ ਨੂੰ ਚਮਤਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੇ ਮਿਲਣ ਦੀ ਉਮੀਦ ਨਹੀਂ ਸੀ, ਪਰ ਉਹ ਖੁਦਾਈ ਕਰਦੇ ਰਹੇ ਅਤੇ ਇੱਕ ਵਿਅਕਤੀ ਦੀਆਂ ਅੱਖਾਂ ਲੱਭੀਆਂ ਜੋ ਆਪਣਾ ਨਾਮ ਦੱਸ ਰਿਹਾ ਸੀ। ਐੱਨ.ਟੀ.ਵੀ. ਨੇ ਦੱਸਿਆ ਕਿ ਇਸੇ ਸੂਬੇ ਵਿੱਚ ਭੂਚਾਲ ਦੇ 140 ਘੰਟੇ ਬਾਅਦ ਅੰਤਕਿਆ ਵਿੱਚ ਇੱਕ ਬੱਚੇ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ 50 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠੋਂ ਕੱਢੀ ਗਈ ਜ਼ੈਨੇਪ ਕਰਮਨ ਨਾਂ ਦੀ ਔਰਤ ਦੀ ਰਾਤ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਭੂਚਾਲ ਪ੍ਰਤੀ ਤੁਰਕੀ ਸਰਕਾਰ ਦੀ ਪ੍ਰਤੀਕਿਰਿਆ ਦੇ ਨਾਲ ਵਧ ਰਹੀ ਜਨਤਾ ਦੀ ਨਿਰਾਸ਼ਾ ਦੇ ਵਿਚਕਾਰ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ