ਇੰਡੋਨੇਸ਼ੀਆ ''ਚ ਭਿਆਨਕ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੋਈ 47

Sunday, Aug 16, 2026 - 12:59 AM (IST)

ਇੰਡੋਨੇਸ਼ੀਆ ''ਚ ਭਿਆਨਕ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੋਈ 47

ਜਕਾਰਤਾ - ਪੂਰਵੀ ਇੰਡੋਨੇਸ਼ੀਆ ਵਿੱਚ ਫਲੋਰੇਸ ਟਾਪੂ ਦੇ ਤੱਟ 'ਤੇ ਆਏ 7.7 ਦੀ ਤੀਬਰਤਾ ਵਾਲੇ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਆਏ ਕਈ ਤੇਜ਼ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 47 ਹੋ ਗਈ ਹੈ। ਦੇਸ਼ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ (BNPB) ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਭੂਚਾਲ ਨਗੇਕੇਓ ਰੀਜੈਂਸੀ ਦੇ ਮਬੇਈ ਕਸਬੇ ਦੇ ਨੇੜੇ ਕੇਂਦਰਿਤ ਸੀ। ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ (BMKG) ਵੱਲੋਂ ਹਟਾ ਲਿਆ ਗਿਆ।

ਆਫ਼ਤ ਪ੍ਰਬੰਧਨ ਏਜੰਸੀ (BNPB) ਅਨੁਸਾਰ, ਇਸ ਭੂਚਾਲ ਕਾਰਨ ਘੱਟੋ-ਘੱਟ 346 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ 157 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, 41 ਦਰਮਿਆਨੇ ਅਤੇ 148 ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਨਤਕ ਇਮਾਰਤਾਂ ਅਤੇ ਸਹੂਲਤਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿੱਚ 87 ਵਿਦਿਅਕ ਸੰਸਥਾਵਾਂ, 18 ਸਿਹਤ ਕੇਂਦਰ, 5 ਧਾਰਮਿਕ ਸਥਾਨ ਅਤੇ 6 ਸਰਕਾਰੀ ਦਫ਼ਤਰ ਸ਼ਾਮਲ ਹਨ।

ਪੂਰਵੀ ਨੁਸਾ ਤੇਂਗਾਰਾ ਸੂਬੇ ਦੇ ਗਵਰਨਰ ਮੇਲਕੀ ਲਾਕਾ ਲੇਨਾ ਨੇ ਕੁਪਾਂਗ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਕਈ ਪ੍ਰਮੁੱਖ ਰਸਤੇ ਅਤੇ ਸੜਕਾਂ ਬੰਦ ਹੋ ਗਈਆਂ ਹਨ। ਭੂਚਾਲ ਦੇ ਪ੍ਰਭਾਵ ਕਾਰਨ ਸੂਬੇ ਵਿੱਚ ਕਈ ਹਵਾਈ ਉਡਾਣਾਂ ਨੂੰ ਵੀ ਰੱਦ ਕਰਨਾ ਪਿਆ ਹੈ। ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਪਹੁੰਚਾਉਣ ਲਈ ਪੂਰਵੀ ਫਲੋਰੇਸ ਰੀਜੈਂਸੀ ਦੇ ਇੱਕ ਲੌਜਿਸਟਿਕ ਗੋਦਾਮ ਤੋਂ ਅਤੇ ਹਾਲੀਮ ਪਰਦਾਨਾਕੁਸੁਮਾ ਏਅਰ ਫੋਰਸ ਬੇਸ (ਜਕਾਰਤਾ) ਤੋਂ ਹਵਾਈ ਰਸਤੇ ਰਾਹੀਂ ਖਾਣਾ ਅਤੇ ਹੋਰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਫਿਲਹਾਲ ਬਚਾਅ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਜਾਨ-ਮਾਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਜੁਟੀਆਂ ਹੋਈਆਂ ਹਨ।

ਇਸੇ ਦਿਨ ਦੇਸ਼ ਵਿੱਚ ਇੱਕ ਹੋਰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਏਜੰਸੀ (BMKG) ਅਨੁਸਾਰ, ਸ਼ਨੀਵਾਰ ਸ਼ਾਮ ਸਥਾਨਕ ਸਮੇਂ ਮੁਤਾਬਕ 5:54 ਵਜੇ ਉੱਤਰੀ ਸੁਮਾਤਰਾ ਸੂਬੇ ਵਿੱਚ 6.4 ਦੀ ਤੀਬਰਤਾ ਦਾ ਦੂਜਾ ਭੂਚਾਲ ਆਇਆ। ਇਸ ਦਾ ਕੇਂਦਰ ਸਿਮਾਲੁੰਗੁਨ ਤੋਂ ਲਗਭਗ 11 ਕਿਲੋਮੀਟਰ ਦੱਖਣ-ਪੂਰਵ ਵਿੱਚ ਜ਼ਮੀਨ ਦੇ ਅੰਦਰ 163 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਏਜੰਸੀ ਅਨੁਸਾਰ, ਇਸ ਦੂਜੇ ਭੂਚਾਲ ਕਾਰਨ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਇਸ ਖੇਤਰ ਵਿੱਚ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।


author

Inder Prajapati

Content Editor

Related News