ਬਾਗੀਆਂ ਦੀ ਗੋਲੀਬਾਰੀ ''ਚ ਫੁੱਟਬਾਲ ਦਾ ਅਭਿਆਸ ਕਰ ਰਹੇ ਬੱਚੇ ਦੀ ਮੌਤ
Sunday, Mar 25, 2018 - 10:36 AM (IST)

ਦਮਿਸ਼ਕ (ਭਾਸ਼ਾ)— ਸੀਰੀਆ ਵਿਚ ਐਤਵਾਰ ਨੂੰ ਦਮਿਸ਼ਕ ਦੇ ਬਾਹਰੀ ਇਲਾਕੇ ਵਿਚ ਬਾਗੀਆਂ ਦੀ ਗੋਲੀਬਾਰੀ ਵਿਚ ਫੁੱਟਬਾਲ ਦੀ ਟਰੇਨਿੰਗ ਲੈ ਰਹੇ ਇਕ ਬੱਚੇ ਦੀ ਮੌਤ ਹੋ ਗਈ। ਜਦਕਿ 7 ਹੋਰ ਬੱਚੇ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਦੱਸਿਆ ਕਿ ਇਹ ਸਾਰੇ ਬੱਚੇ ਰਾਜਧਾਨੀ ਦਮਿਸ਼ਕ ਵਿਚ ਫੁੱਟਬਾਲ ਦਾ ਅਭਿਆਸ ਕਰ ਰਹੇ ਸਨ। ਸੀਰੀਆ ਦੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਰਾਜਧਾਨੀ ਦੇ ਮਾਕਾਰਾ ਇਲਾਕੇ ਵਿਚ ਇਕ ਸਪੋਰਟਸ ਕਲੱਬ 'ਤੇ ਇਕ ਰਾਕੇਟ ਡਿੱਗਿਆ ਸੀ। ਮਾਕਾਰਾ ਵਿਚ ਹੀ ਰੂਸੀ ਦੂਤਘਰ ਹੈ। ਸੀਰੀਆਈ ਫੌਜ ਦੀ ਫੁੱਟਬਾਲ ਟੀਮ ਦੇ ਪ੍ਰਧਾਨ ਮੋਹਸੀਨ ਅੱਬਾਸ ਨੇ ਮਾਰੇ ਗਏ ਬੱਚੇ ਦੀ ਪਛਾਣ 12 ਸਾਲਾ ਦੇ ਸਮੀਰ ਮੁਹੰਮਦ ਮਸੌਦ ਦੇ ਤੌਰ 'ਤੇ ਕੀਤੀ ਹੈ। ਅੱਬਾਸ ਨੇ ਦੱਸਿਆ,''ਅੱਤਵਾਦੀਆਂ ਨੇ ਅਲ-ਫਾਯਹਾ ਸਪੋਰਟਸ ਕੇਂਦਰ 'ਤੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਉੱਥੇ ਅਭਿਆਸ ਕਰ ਰਹੇ 'ਯੂ-15 ਟੀਮ' ਦੇ 7 ਹੋਰ ਬੱਚੇ ਜ਼ਖਮੀ ਹੋ ਗਏ।''ਅੱਬਾਸ ਨੇ ਦੱਸਿਆ ਕਿ ਮਸੌਦ ਇਕ ਬਿਹਤਰੀਨ ਨੌਜਵਾਨ ਖਿਡਾਰੀ ਸੀ। ਸਮਾਚਾਰ ਏਜੰਸੀ ਨੇ ਦੱਸਿਆ ਕਿ ਜ਼ਖਮੀ ਖਿਡਾਰੀਆਂ ਦਾ ਰਾਜਧਾਨੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।