ਦਾਵੋਸ 2026 : ਟਰੰਪ ਤੋਂ ਜ਼ੈਲੇਂਸਕੀ ਤੱਕ, ਦੁਨੀਆ ਦੇ ਦਿੱਗਜਾਂ ਦੇ ਸਵਾਗਤ ’ਚ ‘ਦਾਵੋਸ ਕਿਲੇਬੰਦ’
Monday, Jan 19, 2026 - 12:45 PM (IST)
ਦਾਵੋਸ (ਭਾਸ਼ਾ)- ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ ਸਾਲਾਨਾ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ’ਚ ਪੂਰੀ ਦੁਨੀਆ ਦੇ 3,000 ਤੋਂ ਵੱਧ ਨੇਤਾ, 64 ਰਾਸ਼ਟਰ ਮੁਖੀ ਅਤੇ 1,000 ਤੋਂ ਵੱਧ ਸੀ. ਈ. ਓ. ਸ਼ਾਮਲ ਹੋਣਗੇ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, 5,000 ਤੋਂ ਵੱਧ ਹਥਿਆਰਬੰਦ ਜਵਾਨ, ਏ. ਆਈ. ਸੰਚਾਲਿਤ ਡਰੋਨ ਅਤੇ ਸਨਾਈਪਰ ਤਾਇਨਾਤ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੈਲੇਂਸਕੀ, ਇਜ਼ਰਾਈਲੀ ਰਾਸ਼ਟਰਪਤੀ ਇਸਾਕ ਹਰਜੋਗ ਅਤੇ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ ਇਸ ਸਿਖਰ ਸੰਮੇਲਨ ਦੇ ਪ੍ਰਮੁੱਖ ਖਿੱਚ ਦਾ ਕੇਂਦਰ ਹਨ।
ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਬੈਠਕ ’ਚ ਸ਼ਾਮਲ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ’ਚ ਸੰਯੁਕਤ ਰਾਸ਼ਟਰ, ਡਬਲਿਊ. ਟੀ. ਓ., ਵਿਸ਼ਵ ਬੈਂਕ, ਆਈ. ਐੱਮ. ਐੱਫ., ਨਾਟੋ ਅਤੇ ਡਬਲਿਊ. ਐੱਚ. ਓ. ਸ਼ਾਮਲ ਹਨ। ਕੁਝ ਰੋਸ ਪ੍ਰਦਰਸ਼ਨਾਂ ਦੀ ਵੀ ਸੰਭਾਵਨਾ ਹੈ, ਜਿਸ ’ਚ ਪੂੰਜੀਵਾਦ ਵਿਰੋਧੀ ਅਤੇ ਵਾਤਾਵਰਣ ਪ੍ਰੇਮੀ ਹਿੱਸਾ ਲੈ ਸਕਦੇ ਹਨ। ਸਵਿਟਜ਼ਰਲੈਂਡ ਦੀ ਸਰਕਾਰ ਨੇ ਸੁਰੱਖਿਆ ਅਤੇ ਜਨਤਕ ਜਾਇਦਾਦ ਦੀ ਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ।
ਭਾਰਤ ਦੀ ਦਮਦਾਰ ਹਾਜ਼ਰੀ
ਵਿਸ਼ਵ ਆਰਥਿਕ ਮੰਚ ਦੀ ਬੈਠਕ ’ਚ ਭਾਰਤ ਦੀ ਪ੍ਰਤੀਨਿਧਤਾ ਮਜ਼ਬੂਤ ਰਹੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, 4 ਕੇਂਦਰੀ ਮੰਤਰੀ (ਅਸ਼ਵਨੀ ਵੈਸ਼ਨਵ, ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ, ਕੇ. ਰਾਮ ਮੋਹਨ ਨਾਇਡੂ), 6 ਮੁੱਖ ਮੰਤਰੀ ਅਤੇ 100 ਤੋਂ ਵੱਧ ਚੋਟੀ ਦੇ ਸੀ. ਈ. ਓ. ਸਿਖਰ ਸੰਮੇਲਨ ’ਚ ਹਿੱਸਾ ਲੈਣਗੇ।
ਮੁੱਖ ਮੰਤਰੀਆਂ ’ਚ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ, ਆਂਧਰਾ ਪ੍ਰਦੇਸ਼ ਦੇ ਐੱਨ. ਚੰਦਰਬਾਬੂ ਨਾਇਡੂ, ਆਸਾਮ ਦੇ ਹਿਮੰਤ ਬਿਸਵਾ ਸਰਮਾ, ਤੇਲੰਗਾਨਾ ਦੇ ਏ. ਰੇਵੰਤ ਰੈੱਡੀ ਅਤੇ ਝਾਰਖੰਡ ਦੇ ਹੇਮੰਤ ਸੋਰੇਨ ਸ਼ਾਮਲ ਹਨ। ਉਦਯੋਗ ਜਗਤ ਤੋਂ ਪ੍ਰਮੁੱਖ ਹਸਤੀਆਂ ’ਚ ਮੁਕੇਸ਼ ਅੰਬਾਨੀ, ਐੱਨ. ਚੰਦਰਸ਼ੇਖਰਨ, ਸੰਜੀਵ ਬਜਾਜ, ਨੰਦਨ ਨੀਲੇਕਣੀ, ਸਲਿਲ ਪਾਰੇਖ, ਰਿਸ਼ਦ ਪ੍ਰੇਮਜੀ ਸ਼ਾਮਲ ਹਨ।
