ਪਾਕਿਸਤਾਨ ’ਚ ਆਮ ਚੋਣਾਂ ਦੀ ਮਿਤੀ ਪਹਿਲਾਂ 11 ਫਰਵਰੀ ਐਲਾਨੀ, ਫਿਰ 8 ਫਰਵਰੀ ਕੀਤੀ

Friday, Nov 03, 2023 - 12:54 PM (IST)

ਪਾਕਿਸਤਾਨ ’ਚ ਆਮ ਚੋਣਾਂ ਦੀ ਮਿਤੀ ਪਹਿਲਾਂ 11 ਫਰਵਰੀ ਐਲਾਨੀ, ਫਿਰ 8 ਫਰਵਰੀ ਕੀਤੀ

ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ’ਚ ਆਮ ਚੋਣਾਂ 11 ਫਰਵਰੀ ਨੂੰ ਹੋਣਗੀਆਂ। ਉੱਥੇ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਆਮ ਚੋਣਾਂ ਦੀ ਤਾਰੀਖ 11 ਫਰਵਰੀ ਤੋਂ ਬਦਲ ਕੇ 8 ਫਰਵਰੀ ਕਰਨ ਦਾ ਐਲਾਨ ਕੀਤਾ ਹੈ। 

ਪਾਕਿਸਤਾਨ ਚੋਣ ਕਮਿਸ਼ਨ ਦੀ ਬੁਲਾਰਨ ਸਜੀਲ ਸਵਾਤੀ ਨੇ ਕਿਹਾ ਕਿ ਕਮਿਸ਼ਨ ਦੀ ਹਲਕਾ ਤੈਅ ਕਰਨ ਦੀ ਪ੍ਰਕਿਰਿਆ 29 ਜਨਵਰੀ ਤਕ ਪੂਰੀ ਹੋ ਜਾਵੇਗੀ, ਜਿਸ ਨਾਲ ਆਮ ਚੋਣਾਂ ਲਈ ਰਾਹ ਪੱਧਰਾ ਹੋ ਜਾਵੇਗਾ। ਉਨ੍ਹਾਂ ਇਹ ਗੱਲ ਉਦੋਂ ਕਹੀ, ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਸ਼ੁਰੂ ਕੀਤੀ, ਜਿਨ੍ਹਾਂ ਵਿਚ ਨੈਸ਼ਨਲ ਅਸੈਂਬਲੀ ਅਤੇ ਸੂਬਾ ਵਿਧਾਨ ਮੰਡਲਾਂ ਦੇ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਆਮ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਗਈ ਸੀ।

‘ਡਾਨ’ ਅਖਬਾਰ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫੈਜ਼ ਈਸਾ, ਜਸਟਿਸ ਅਮੀਨ-ਉਦ-ਦੀਨ ਅਤੇ ਜਸਟਿਸ ਅਤਹਰ ਮਿਨੱਲਾਹ ਦੀ 3 ਮੈਂਬਰੀ ਬੈਂਚ ਨੇ ਸੁਪਰੀਮ ਕੋਰਟ ਬਾਰ ਅਸੋਸੀਏਸ਼ਨ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਅਤੇ ਹੋਰਨਾਂ ਵਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ ਸੀ।

ਨਵਾਜ਼ ਸ਼ਰੀਫ ਨੂੰ ਛੱਡ ਕੇ ਇਮਰਾਨ ਦੀ ਪਾਰਟੀ ਨਾਲ ਗੱਠਜੋੜ ਕਰਨਾ ਚਾਹੁੰਦੇ ਹਨ 

ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਆਪਣੇ ਕੱਟੜ ਵਿਰੋਧੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨਾਲ ਚੋਣ ਗੱਠਜੋੜ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪੀ. ਪੀ. ਪੀ. ਇਹ ਗੱਠਜੋੜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਅਤੇ ਆਪਣੀ ਸਾਬਕਾ ਸਹਿਯੋਗੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਖਿਲਾਫ ਕਰਨਾ ਚਾਹੁੰਦੀ ਹੈ।


author

Rakesh

Content Editor

Related News