ਪਾਕਿਸਤਾਨ ਦੇ ਬਾਜ਼ਾਰਾਂ ’ਚ ਜ਼ਰੂਰੀ ਦਵਾਈਆਂ ਦੀ ਕਮੀ ਨਾਲ ਬਣੇ ਖ਼ਤਰਨਾਕ ਹਾਲਾਤ

Thursday, Jul 21, 2022 - 03:44 PM (IST)

ਪਾਕਿਸਤਾਨ ਦੇ ਬਾਜ਼ਾਰਾਂ ’ਚ ਜ਼ਰੂਰੀ ਦਵਾਈਆਂ ਦੀ ਕਮੀ ਨਾਲ ਬਣੇ ਖ਼ਤਰਨਾਕ ਹਾਲਾਤ

ਇਸਲਾਮਾਬਾਦ (ਵਾਰਤਾ)-ਪਾਕਿਸਤਾਨ ਦੇ ਸ਼ਹਿਰਾਂ ’ਚ ਕਈ ਬਾਜ਼ਾਰਾਂ ’ਚ ਦਵਾਈਆਂ ਦੀ ਕਮੀ ਨੇ ਖ਼ਤਰਨਾਕ ਹਾਲਾਤ ਪੈਦਾ ਕਰ ਦਿੱਤੇ ਹਨ। ਸ਼ਹਿਰਾਂ ’ਚ ਕਈ ਜ਼ਰੂਰੀ ਦਵਾਈਆਂ ਦੀ ਭਾਰੀ ਕਮੀ ਚੱਲ ਰਹੀ ਹੈ, ਜਿਸ ਕਾਰਨ ਦੇਸ਼ ’ਚ ਖ਼ੁਦਕੁਸ਼ੀਆਂ ਦੀ ਦਰ ’ਚ ਵਾਧੇ ਦਾ ਡਰ ਪੈਦਾ ਹੋ ਰਿਹਾ ਹੈ। ਦਿ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਪ੍ਰਸਿੱਧ ਮਨੋਚਿਕਿਤਸਕ ਤੇ ਪਾਕਿਸਤਾਨ ਸਾਈਕੈਟ੍ਰਿਕ ਸੁਸਾਇਟੀ (ਪੀ. ਪੀ. ਐੱਸ.) ਦੇ ਸਾਬਕਾ ਪ੍ਰਧਾਨ ਨੇ ਇਲਾਜ ਲਈ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਦੇ ਰੂਪ ’ਚ ਕੰਮ ਵਾਲੇ ਫਾਰਮੂਲੇਸ਼ਨ ਜ਼ਿਕਰ ਕਰਦਿਆਂ ਕਿਹਾ, “ਪਿਛਲੇ ਕੁਝ ਮਹੀਨਿਆਂ ਤੋਂ ਮਾਰਕੀਟ ’ਚ ਲਿਥੀਅਮ ਕਾਰਬੋਨੇਟ ਵੇਚਣ ਵਾਲਾ ਕੋਈ ਬ੍ਰਾਂਡ ਬਾਜ਼ਾਰ ’ਚ ਉਪਲੱਬਧ ਨਹੀਂ ਹੈ।’’ ਇਹ ਦਵਾਈ ਮਾਨਸਿਕ ਰੋਗਾਂ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ’ਚ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਮੰਨੀ ਜਾਂਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਬੱਚਿਆਂ ’ਚ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏ. ਡੀ. ਐੱਚ. ਡੀ.) ਦੇ ਇਲਾਜ ਲਈ ਮਿਥਾਈਲਫੇਨੀਡੇਟ ਤੇ ਬੱਚਿਆਂ ਤੇ ਬਾਲਗਾਂ ’ਚ ਮਿਰਗੀ ਲਈ ਕਲੋਨਾਜ਼ੇਪਮ ਦੀਆਂ ਬੂੰਦਾਂ ਅਤੇ ਗੋਲੀਆਂ ਸਮੇਤ ਕੁਝ ਹੋਰ ਜ਼ਰੂਰੀ ਦਵਾਈਆਂ ਵੀ ਬਾਜ਼ਾਰ ’ਚ ਕਿਤੇ ਵੀ ਉਪਲੱਬਧ ਨਹੀਂ ਹਨ।

ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ. ਆਈ. ਐੱਮ. ਐੱਸ.), ਸ਼ਿਫਾ ਇੰਟਰਨੈਸ਼ਨਲ ਹਸਪਤਾਲ ਇਸਲਾਮਾਬਾਦ ਅਤੇ ਮੇਓ ਹਸਪਤਾਲ ਲਾਹੌਰ ਦੇ ਕਈ ਮਨੋਵਿਗਿਆਨੀਆਂ ਦੇ ਨਾਲ-ਨਾਲ ਪੇਸ਼ਾਵਰ ਦੇ ਮਨੋਚਿਕਿਤਸਕਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਲੋਕ ਬਾਇਪੋਲਰ ਡਿਸਆਰਡਰ ਰੋਗ ਤੋਂ ਪੀੜਤ ਮਰੀਜ਼ਾਂ ਲਈ ਲਿਥੀਅਮ ਕਾਰਬੋਨੇਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦਾ ਕੋਈ ਵੀ ਬ੍ਰਾਂਡ ਬਾਜ਼ਾਰ ’ਚ ਉਪਲੱਬਧ ਨਹੀਂ ਹੈ। ਇਸਲਾਮਾਬਾਦ ਦੇ ਇਕ ਹੋਰ ਸੀਨੀਅਰ ਫਾਰਮਾਸਿਸਟ ਸਲਵਾ ਅਹਿਸਾਨ ਨੇ ਕਿਹਾ ਕਿ ਲਿਥੀਅਮ ਕਾਰਬੋਨੇਟ ਦਵਾਈ ਦੇਸ਼ ਭਰ ’ਚ ਉਪਲੱਬਧ ਨਹੀਂ ਸੀ, ਕੱਚੇ ਮਾਲ ਦੀ ਲਾਗਤ ਵਧ ਗਈ ਸੀ ਅਤੇ ਇਸ ਲਈ ਕੰਪਨੀਆਂ ਹੁਣ ਉਨ੍ਹਾਂ ਦਾ ਨਿਰਮਾਣ ਨਹੀਂ ਕਰ ਰਹੀਆਂ ਹਨ। ਦਿ ਨਿਊਜ਼ ਕੋਲ ਉਪਲੱਬਧ ਦਵਾਈਆਂ ਦੀ ਸੂਚੀ ਅਤੇ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ’ਚ ਕਈ ਫਾਰਮੇਸੀਆਂ ਦੇ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਟੀ. ਬੀ., ਮਿਰਗੀ, ਪਾਰਕਿੰਸਨਜ਼ ਰੋਗ, ਡਿਪ੍ਰੈਸ਼ਨ, ਦਿਲ ਦੀ ਬੀਮਾਰੀ ਅਤੇ ਹੋਰਾਂ ਦੇ ਇਲਾਜ ਲਈ ਬਹੁਤ ਸਾਰੀਆਂ ਮਹੱਤਵਪੂਰਨ ਦਵਾਈਆਂ ਉਪਲੱਬਧ ਨਹੀਂ ਹਨ। ਕਿਉਂਕਿ ਫਾਰਮਾਸਿਊਟੀਕਲ ਕੰਪਨੀਆਂ ਉਤਪਾਦਨ ਲਾਗਤ ਵਧਣ ਕਾਰਨ ਇਨ੍ਹਾਂ ਦਾ ਉਤਪਾਦਨ ਨਹੀਂ ਕਰ ਰਹੀਆਂ ਹਨ।


author

Manoj

Content Editor

Related News