ਬ੍ਰੈਸਟ ਕੈਂਸਰ ਦੇ ਖਤਰੇ ਨੂੰ 80 ਫੀਸਦੀ ਤੱਕ ਵਧਾ ਸਕਦੈ ਡੇਅਰੀ ਮਿਲਕ

02/26/2020 6:21:59 PM

ਨਿਊਯਾਰਕ(ਏਜੰਸੀਆਂ)– ਦੁੱਧ ਪੀਣਾ ਭਾਰਤੀ ਖਾਣ-ਪੀਣ ਦਾ ਇਕ ਅਨਿੱਖੜਵਾਂ ਅੰਗ ਹੈ ਪਰ ਜੇ ਤੁਹਾਨੂੰ ਇਹ ਪਤਾ ਲੱਗੇ ਕਿ ਦੁੱਧ ਪੀਣ ਨਾਲ ਕੈਂਸਰ ਹੋ ਸਕਦਾ ਹੈ ਤਾਂ ਹੈਰਾਨੀ ਹੋਣਾ ਲਾਜ਼ਮੀ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਆਪਣੀ ਖੋਜ ’ਚ ਦੇਖਿਆ ਕਿ ਡੇਅਰੀ ਦਾ ਦੁੱਧ ਪੀਣ ਨਾਲ ਵੀ ਕੈਂਸਰ ਹੋਣ ਦਾ ਖਤਰਾ ਹੈ। ਆਪਣੀ ਰਿਸਰਚ ’ਚ ਵਿਗਿਆਨੀਆਂ ਦਾ ਦਾਅਵਾ ਹੈ ਕਿ ਦੁੱਧ ਨਾਲ ਕੈਂਸਰ ਦੇ ਮਾਮਲੇ ’ਚ ਔਰਤਾਂ ਸਭ ਤੋਂ ਛੇਤੀ ਇਨਫੈਕਸ਼ਨ ਦੀ ਚਪੇਟ ’ਚ ਆਉਂਦੀਆਂ ਹਨ। ਦੱਸਦੇ ਹਾਂ ਕਿ ਡੇਅਰੀ ਦੇ ਦੁੱਧ ’ਚ ਗਾਂ, ਮੱਝ ਅਤੇ ਬੱਕਰੀ ਦੇ ਦੁੱਧ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਅਮਰੀਕਾ ਦੀ ਲੋਮਾ ਲਿੰਡਾ ਯੂਨੀਵਰਸਿਟੀ ਦੇ ਹੈਲਥ ਸਟੱਡੀਜ਼ ਨਾਲ ਜੁੜੇ ਡਾਕਟਰ ਗੈਰੀ ਈ. ਫ੍ਰੇਜਰ ਨੇ ਕਿਹਾ ਕਿ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਹਨ ਕਿ ਡੇਅਰੀ ਦਾ ਦੁੱਧ ਪੀਣ ਕਾਰਣ ਔਰਤਾਂ ’ਚ ਬ੍ਰੈਸਟ ਕੈਂਸਰ ਹੁੰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇਕ ਕੱਪ ਡੇਅਰੀ ਦੁੱਧ ਪੀਣ ਵਾਲੀਆਂ ਔਰਤਾਂ ’ਚ ਬ੍ਰੈਸਟ ਕੈਂਸਰ ਦਾ ਖਤਰਾ 50 ਫੀਸਦੀ ਹੁੰਦਾ ਹੈ ਜਦੋਂਕਿ ਰੋਜ਼ਾਨਾ ਦੋ ਤੋਂ ਤਿੰਨ ਕੱਪ ਪੀਣ ਵਾਲੀਆਂ ਔਰਤਾਂ ਲਈ ਇਹ ਖਤਰਾ ਵਧ ਕੇ 70 ਤੋਂ 80 ਫੀਸਦੀ ਹੋ ਜਾਂਦਾ ਹੈ। ਇੰਟਰਨੈਸ਼ਨਲ ਜਨਰਲ ਆਫ ਐਪੀਡੇਮੀਓਲਾਜੀ ’ਚ ਪ੍ਰਕਾਸ਼ਿਤ ਇਸ ਰਿਪੋਰਟ ਦੇ ਅਧਿਐਨ ਲਈ 53,000 ਨਾਰਥ ਅਮਰੀਕਾ ਦੀਆਂ ਔਰਤਾਂ ਦੇ ਆਹਾਰ ਦਾ ਮੁਲਾਂਕਣ ਕੀਤਾ ਗਿਆ। ਇਹ ਸਾਰੀਆਂ ਔਰਤਾਂ ਸ਼ੁਰੂ ’ਚ ਕੈਂਸਰ ਮੁਕਤ ਸਨ। ਅੱਠ ਸਾਲ ਤੱਕ ਔਰਤਾਂ ’ਤੇ ਖੋਜ ਕੀਤੀ ਗਈ।

ਹਾਲਾਂਕਿ ਇਸ ਖੋਜ ’ਚ ਔਰਤਾਂ ਦੇ ਵਾਤਾਵਰਣ, ਪਰਿਵਾਰ ਦੇ ਇਤਿਹਾਸ ਅਤੇ ਜੱਦੀ ਪ੍ਰੀਖਣ ਸਮੇਤ ਬ੍ਰੈਸਟ ਕੈਂਸਰ ਦੇ ਹੋਰ ਫੈਕਟਰਸ ਨੂੰ ਧਿਆਨ ’ਚ ਨਹੀਂ ਰੱਖਿਆ ਗਿਆ। ਇਹ ਅਧਿਐਨ ਡਾਟਾਬੇਸ ਦੇ ਮਾਧਿਅਮ ਨਾਲ ਪ੍ਰਸ਼ਨਾਵਲੀ ਅਤੇ ਵਿਸ਼ਲੇਸ਼ਣ ਦੇ ਮਾਧਿਅਮ ਨਾਲ ਕੀਤਾ ਗਿਆ ਸੀ। ਅਧਿਐਨ ਦੇ ਅਖੀਰ ’ਚ ਦੇਖਿਆ ਗਿਆ ਕਿ 1057 ਔਰਤਾਂ ’ਚ ਬ੍ਰੈਸਟ ਕੈਂਸਰ ਦੇ ਮਾਮਲੇ ਹਨ। ਡਾਕਟਰ ਫ੍ਰੇਜਰ ਮੁਤਾਬਕ ਡੇਅਰੀ ਫੂਡ ਅਤੇ ਇਸ ’ਚ ਵੀ ਖਾਸ ਤੌਰ ’ਤੇ ਦੁੱਧ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਡੇਅਰੀ ਮਿਲਕ ਦੀ ਥਾਂ ਸੋਇਆ ਮਿਲਕ ਦਾ ਇਸਤੇਮਾਲ ਕਰ ਕੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।


Baljit Singh

Content Editor

Related News