ਵਿਰਸੇ ਦੇ ਵਾਰਿਸਾਂ ਨੇ ਬ੍ਰਿਸਬੇਨ ’ਚ ਲਾਇਆ ਪੰਜਾਬੀਅਤ ਦਾ ਯਾਦਗਾਰੀ ਰੰਗ
Monday, Sep 14, 2026 - 11:48 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਪੰਜਾਬ ਸਿਰਫ਼ ਇੱਕ ਧਰਤੀ ਦਾ ਨਾਮ ਨਹੀਂ, ਸਗੋਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦੀ ਰੂਹ ਵਿੱਚ ਵੱਸਦੀ ਪਛਾਣ ਹੈ। ਜਨਮਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਮਾਂ-ਬੋਲੀ, ਸੱਭਿਆਚਾਰ, ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਅਤੇ ਵਿਰਸੇ ਦੀ ਮਹਿਕ ਅੱਜ ਵੀ ਜਿਉਂਦੀ ਹੈ। ਵਿਦੇਸ਼ੀ ਧਰਤੀ ’ਤੇ ਪੰਜਾਬੀ ਵਿਰਸੇ ਦੀ ਇਸੇ ਮਹਿਕ ਨੂੰ ਬਿਖੇਰਨ ਲਈ ਕਰਵਾਇਆ ਗਿਆ ‘ਪੰਜਾਬੀ ਵਿਰਸਾ 2026’ ਸ਼ੋਅ ਬ੍ਰਿਸਬੇਨ ਦੇ ਸਲੀਮਨ ਸਪੋਰਟਸ ਕੰਪਲੈਕਸ ਵਿਖੇ ਯਾਦਗਾਰੀ ਸੱਭਿਆਚਾਰਕ ਸਮਾਗਮ ਹੋ ਨਿੱਬੜਿਆ।
ਵਿਰਾਸਤ ਇੰਟਰਟੇਨਮੈਂਟ ਵੱਲੋਂ ਲੀਡਰ ਇੰਸਟੀਚਿਊਟ ਅਤੇ ਗ੍ਰਿਫਿਥ ਲੀਗਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਅਤੇ ਫ਼ਤਿਹ ਪ੍ਰਤਾਪ ਸਿੰਘ ਸਨ। ਲੀਡਰ ਇੰਸਟੀਚਿਊਟ ਵੱਲੋਂ ਡਾ. ਬਰਨਾਰਡ ਮਲਿਕ ਨੇ ਮੁੱਖ ਸਪਾਂਸਰ ਵਜੋਂ ਸਹਿਯੋਗ ਦਿੱਤਾ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਰਿਵਾਰਕ, ਸੱਭਿਆਚਾਰਕ ਅਤੇ ਉਸਾਰੂ ਗੀਤਾਂ ਰਾਹੀਂ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਵਿਰਸੇ ਦੇ ਵਾਰਿਸ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਪੰਜਾਬ ਦੀ ਮਿੱਟੀ, ਪਿੰਡਾਂ ਦੀਆਂ ਗਲੀਆਂ, ਘਰਾਂ ਦੇ ਵਿਹੜਿਆਂ, ਬਨੇਰਿਆਂ ਅਤੇ ਪੁਰਾਣੀਆਂ ਯਾਦਾਂ ਨਾਲ ਜੋੜ ਦਿੱਤਾ।ਇਹ ਸ਼ੋਅ ਸਿਰਫ਼ ਇੱਕ ਸੰਗੀਤਕ ਪੇਸ਼ਕਾਰੀ ਨਹੀਂ ਸੀ, ਸਗੋਂ ਪੰਜਾਬੀ ਵਿਰਾਸਤ ਦੀ ਇੱਕ ਸੁੰਦਰ ਝਲਕ ਵੀ ਸੀ। ਵਾਰਿਸ ਭਰਾਵਾਂ ਦੀ ਗਾਇਕੀ ਵਿੱਚ ਪੰਜਾਬ ਦੇ ਪਰਿਵਾਰਕ ਰਿਸ਼ਤਿਆਂ, ਭਾਈਚਾਰਕ ਸਾਂਝ, ਕਿਸਾਨੀ ਦੀ ਮਿਹਨਤ, ਸਮਾਜਿਕ ਸਰੋਕਾਰਾਂ, ਪਿਆਰ ਅਤੇ ਆਪਣੀ ਮਿੱਟੀ ਨਾਲ ਜੁੜੇ ਜਜ਼ਬਾਤਾਂ ਦੀ ਝਲਕ ਸਾਫ਼ ਨਜ਼ਰ ਆਈ।
ਪਰਿਵਾਰਕ ਸਾਂਝ ਅਤੇ ਦੇਸ਼-ਭਗਤੀ ਦਾ ਸੁਨੇਹਾ
ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਪੰਜਾਬੀਅਤ ਦੀ ਰੂਹ ਨਾਲ ਜੁੜੇ ਗੀਤਾਂ ਨਾਲ ਕੀਤੀ। ‘ਇੱਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ’ ਵਰਗੇ ਗੀਤਾਂ ਨੇ ਪਰਿਵਾਰਕ ਰਿਸ਼ਤਿਆਂ ਅਤੇ ਭਰਾਵਾਂ ਦੇ ਪਿਆਰ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਗੀਤ ‘ਸ਼ਹੀਦ ਊਧਮ ਸਿੰਘ’ ਨੇ ਦੇਸ਼-ਭਗਤੀ ਦਾ ਜਜ਼ਬਾ ਜਗਾਇਆ, ਜਦਕਿ ‘ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ’ ਵਰਗੇ ਗੀਤ ਨੇ ਜੀਵਨ ਦੇ ਸੰਘਰਸ਼ ਵਿੱਚ ਹੌਸਲੇ ਅਤੇ ਉਮੀਦ ਦਾ ਸੁਨੇਹਾ ਦਿੱਤਾ।
ਸੰਗਤਾਰ ਨੇ ਆਪਣੀ ਮਿੱਠੀ ਆਵਾਜ਼, ਸ਼ਾਇਰੀ ਅਤੇ ਵਿਲੱਖਣ ਸੰਗੀਤਕ ਅੰਦਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਉਨ੍ਹਾਂ ਦੇ ਗੀਤ ‘ਮੈਥੋਂ ਈ-ਮੇਲਾ ਤੇਰੀਆਂ ਡੀਲੀਟ ਹੋ ਗਈਆਂ’ ਅਤੇ ‘ਗੱਲਾਂ ਕਰਿਆ ਕਰੂਗੀ ਚੈਟ ਜੀਪੀਟੀ ਦੇ ਨਾਲ’ ਨੇ ਆਧੁਨਿਕ ਦੌਰ ਦੀਆਂ ਬਦਲਦੀਆਂ ਭਾਵਨਾਵਾਂ ਨੂੰ ਪੰਜਾਬੀ ਅਹਿਸਾਸ ਨਾਲ ਜੋੜਿਆ। ਉਨ੍ਹਾਂ ਦੀ ਪੇਸ਼ਕਾਰੀ ਵਿੱਚ ਰਵਾਇਤ ਅਤੇ ਨਵੇਂ ਸਮੇਂ ਦਾ ਸੁੰਦਰ ਸੁਮੇਲ ਵੇਖਣ ਨੂੰ ਮਿਲਿਆ।
ਕਮਲ ਹੀਰ ਦੀ ਗਾਇਕੀ ਨੇ ਬੰਨ੍ਹਿਆ ਰੰਗ
ਪ੍ਰਸਿੱਧ ਗਾਇਕ ਕਮਲ ਹੀਰ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਪੰਜਾਬੀ ਨੌਜਵਾਨੀ, ਪੇਂਡੂ ਜੀਵਨ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰ ਕੇ ਖੂਬ ਵਾਹ-ਵਾਹ ਖੱਟੀ। ‘ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ’, ‘ਪੇਂਡੂ ਜੱਟ ਪਾਉਣ ਭੰਗੜੇ’, ‘ਜਿੰਦੇ ਨੀ ਜਿੰਦੇ’, ‘ਟੌਪ ਦਾ ਸ਼ੌਕੀਨ ਮੁੰਡਾ’ ਅਤੇ ‘ਛੜਿਆਂ ਦੀ ਭਜਨ ਕੌਰੇ’ ਸਮੇਤ ਕਈ ਗੀਤਾਂ ਨੇ ਪੂਰੇ ਮਾਹੌਲ ਨੂੰ ਪੰਜਾਬੀ ਰੰਗ ਵਿੱਚ ਰੰਗ ਦਿੱਤਾ। ਸਰੋਤੇ ਤਾੜੀਆਂ ਮਾਰਦੇ ਹੋਏ ਪੇਸ਼ਕਾਰੀਆਂ ਦਾ ਆਨੰਦ ਮਾਣਦੇ ਰਹੇ ਅਤੇ ਖੁਸ਼ੀ ਵਿੱਚ ਨੱਚਦੇ-ਟੱਪਦੇ ਭੰਗੜੇ ਪਾਉਂਦੇ ਰਹੇ।

ਬੱਚਿਆਂ ਦੀ ਪੇਸ਼ਕਾਰੀ ਨੇ ਵਧਾਈ ਰੌਣਕ
ਇਸ ਮੌਕੇ ਸੁਰਤਾਲ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਵੀ ਸ਼ਾਨਦਾਰ ਭੰਗੜਾ ਪੇਸ਼ ਕੀਤਾ। ਉਨ੍ਹਾਂ ਦੀ ਜੋਸ਼ ਭਰੀ ਪੇਸ਼ਕਾਰੀ ਨੇ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੀ ਰੌਣਕ ਵਧਾ ਦਿੱਤੀ। ਵਾਰਿਸ ਭਰਾਵਾਂ ਅਤੇ ਦਰਸ਼ਕਾਂ ਵੱਲੋਂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਪੇਸ਼ਕਾਰੀ ਨੇ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚ ਭੰਗੜੇ ਗਿੱਧੇ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ।
ਮਨਮੋਹਨ ਵਾਰਿਸ ਦੀ ਗਾਇਕੀ ਨੇ ਤਾਜ਼ਾ ਕਰਵਾਈਆਂ ਪੁਰਾਣੀਆਂ ਯਾਦਾਂ
ਸਮਾਗਮ ਦੀ ਆਖ਼ਰੀ ਪੇਸ਼ਕਾਰੀ ਦੌਰਾਨ ਮਨਮੋਹਨ ਵਾਰਿਸ ਨੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ‘ਖੁੱਲ੍ਹੇ ਖਾਤੇ ਰੱਖ ਯਾਰੀਆ ਲਾਉਣ ਨੂੰ’ ਅਤੇ ‘ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ’ ਵਰਗੇ ਗੀਤਾਂ ਨੇ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਘਰਾਂ ਦੇ ਵਿਹੜਿਆਂ, ਪਿੰਡਾਂ ਦੇ ਰਾਹਾਂ ਅਤੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਇਸੇ ਤਰ੍ਹਾਂ ‘ਮਿੱਤਰਾਂ ਨੂੰ ਮਾਰ ਗਿਆ ਨੀ ਸੱਤ ਰੰਗਾਂ ਲਿਸ਼ਕਾਰਾ’, ‘ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ’, ‘ਕੋਕਾ ਕਰਕੇ ਧੋਖਾ’, ‘ਲੋਕਲ ਚਲਾ ਲੈ ਟਰੱਕ ਸੋਹਣਿਆ’ ਅਤੇ ‘ਦੋ ਤਾਰਾ ਵੱਜਦਾ’ ਸਮੇਤ ਹੋਰ ਕਈ ਗੀਤਾਂ ਨੇ ਸਰੋਤਿਆਂ ਨੂੰ ਦੇਰ ਰਾਤ ਤੱਕ ਨੱਚਣ-ਟੱਪਣ ਅਤੇ ਭੰਗੜੇ ਪਾਉਣ ਲਈ ਮਜਬੂਰ ਕਰ ਦਿੱਤਾ ਤੇ ਸਰੋਤਿਆ ਨੇ ਤਾਲ ਨਾਲ ਤਾਲ ਮਿਲਾਉਂਦਿਆਂ ਮਨਮੋਹਨ ਵਾਰਿਸ ਨੇ ਇਸ ਸੰਗੀਤਕ ਸ਼ਾਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ।
ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਮਿਆਰੀ, ਪਰਿਵਾਰਕ ਅਤੇ ਉਸਾਰੂ ਪੰਜਾਬੀ ਗਾਇਕੀ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। ਵਾਰਿਸ ਭਰਾਵਾਂ ਦੀ ਗਾਇਕੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਮਨੋਰੰਜਨ ਦੇ ਨਾਲ-ਨਾਲ ਆਪਣੀ ਕਲਾ ਰਾਹੀਂ ਪੰਜਾਬੀ ਕਦਰਾਂ-ਕੀਮਤਾਂ, ਪਰਿਵਾਰਕ ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ ਵੀ ਦਿੰਦੇ ਹਨ। ਉਨ੍ਹਾਂ ਦੇ ਗੀਤ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਮਾਂ-ਬੋਲੀ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ 2026’ ਸੋਲਡ-ਆਊਟ ਸ਼ੋਅ ਬ੍ਰਿਸਬੇਨ ਦੀ ਧਰਤੀ ’ਤੇ ਇਸ ਗੱਲ ਦੀ ਗਵਾਹੀ ਬਣਿਆ ਕਿ ਪੰਜਾਬੀ ਜਿੱਥੇ ਵੀ ਵੱਸਣ, ਪੰਜਾਬ ਉਨ੍ਹਾਂ ਦੇ ਦਿਲਾਂ ਵਿੱਚ ਵੱਸਦਾ ਹੈ। ਸ਼ਹਿਰ ਅਤੇ ਦੇਸ਼ ਬਦਲ ਸਕਦੇ ਹਨ, ਪਰ ਪੰਜਾਬੀਅਤ ਦੀ ਖੁਸ਼ਬੂ, ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਦਾ ਮਾਣ ਕਦੇ ਘੱਟ ਨਹੀਂ ਸਕਦਾ। ਵਿਰਸੇ ਦੀ ਇਹ ਮਹਿਕ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
