ਯੂਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟਾਂ ਦੀ ਕੀਮਤ ''ਚ ਕੀਤੀ ਗਈ ਕਟੌਤੀ

Saturday, Aug 14, 2021 - 03:23 PM (IST)

ਯੂਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟਾਂ ਦੀ ਕੀਮਤ ''ਚ ਕੀਤੀ ਗਈ ਕਟੌਤੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਜੋਂ, ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਟੈਸਟ ਜ਼ਰੂਰੀ ਕੀਤੇ ਗਏ ਹਨ। ਇਹਨਾਂ ਟੈਸਟਾਂ ਨੂੰ ਕਰਵਾਉਣ ਲਈ ਯਾਤਰੀਆਂ ਨੂੰ ਭਾਰੀ ਫੀਸਾਂ ਦੇਣੀਆਂ ਪੈਂਦੀਆਂ ਹਨ ਪਰ ਹੁਣ ਸਰਕਾਰ ਵੱਲੋਂ ਯੂਕੇ ਵਿਚ ਅੰਤਰਰਾਸ਼ਟਰੀ ਆਮਦ ਲਈ ਐੱਨ. ਐੱਚ. ਐੱਸ. ਕੋਰੋਨਾ ਵਾਇਰਸ ਟੈਸਟਾਂ ਦੀ ਲਾਗਤ ਘਟਾ ਦਿੱਤੀ ਗਈ ਹੈ।

ਇਸ ਕਟੌਤੀ ਦੇ ਤਹਿਤ ਯਾਤਰਾ ਸਬੰਧੀ ਹਰੀ ਅਤੇ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਪੂਰੀ ਵੈਕਸੀਨ ਲੱਗੇ ਲੋਕਾਂ ਲਈ ਟੈਸਟ ਅਤੇ ਟਰੇਸ ਟੈਸਟਾਂ ਨੂੰ 88 ਪੌਂਡ ਤੋਂ ਘਟਾ ਕੇ 68 ਪੌਂਡ ਕੀਤਾ ਗਿਆ ਹੈ। ਇਸ ਦੌਰਾਨ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਬਿਨਾਂ ਟੀਕਾ ਲੱਗੇ ਲੋਕਾਂ ਲਈ ਦੋ ਟੈਸਟਾਂ ਦੀ ਕੀਮਤ ਨੂੰ 170 ਪੌਂਡ ਤੋਂ ਘਟਾ ਕੇ 136 ਪੌਂਡ ਕਰ ਦਿੱਤਾ ਗਿਆ ਹੈ। ਜਦਕਿ ਦੂਜੇ ਅਤੇ ਅੱਠਵੇਂ ਦਿਨ ਦੇ ਸਾਰੇ ਟੈਸਟਾਂ ਦੀਆਂ ਕੀਮਤਾਂ ਦੀ ਸਮੀਖਿਆ ਅਜੇ ਕੀਤੀ ਜਾਣੀ ਹੈ। ਟੈਸਟ ਕੰਪਨੀਆਂ ਵੱਲੋਂ ਵੱਧ ਕੀਮਤਾਂ ਵਸੂਲੇ ਜਾਣ ਦੇ ਸਬੰਧ ਵਿਚ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਵੱਧ ਕੀਮਤਾਂ 'ਤੇ ਰੋਕ ਲਗਾਈ ਜਾਵੇਗੀ ਅਤੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀਆਂ ਟੈਸਟ ਕੰਪਨੀਆਂ ਨੂੰ ਸਰਕਾਰ ਦੀ ਮਨਜ਼ੂਰਸ਼ੁਦਾ ਸੂਚੀ ਤੋਂ ਹਟਾ ਦਿੱਤਾ ਜਾਵੇਗਾ।

ਯੂਕੇ ਵਿਚ ਦੂਜੀ ਵਾਰ ਹੈ ਕਿ ਐੱਨ. ਐੱਚ. ਐੱਸ. ਟੈਸਟਾਂ ਦੀ ਕੀਮਤ ਘਟਾਈ ਗਈ ਹੈ। ਪਹਿਲਾਂ ਦੂਜੇ ਅਤੇ ਅੱਠਵੇਂ ਦਿਨ ਦੇ ਟੈਸਟ ਪੈਕੇਜ ਦੀ ਕੀਮਤ 210 ਪੌਂਡ ਸੀ। ਯੂਕੇ ਵਿਚ ਯਾਤਰੀਆਂ ਨੇ ਪੀ. ਸੀ. ਆਰ. ਟੈਸਟਾਂ ਦੀ ਪੇਸ਼ਕਸ਼ ਕਰਨ ਵਾਲੀਆਂ 400 ਤੋਂ ਵੱਧ ਕੰਪਨੀਆਂ ਵੱਲੋਂ ਮਾੜੀ ਸੇਵਾ ਦੀ ਸ਼ਿਕਾਇਤ ਕੀਤੀ ਹੈ ਅਤੇ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਕੁੱਝ ਕੰਪਨੀਆਂ ਨੂੰ ਪੂਰੀ ਮਾਨਤਾ ਵੀ ਨਹੀਂ ਮਿਲੀ ਹੈ।


author

cherry

Content Editor

Related News