ਕੋਵਿਡ-19: WHO ਨੇ ਦਿੱਤੀ ਚਿਤਾਵਨੀ, ਕਿਹਾ- ਸਭ ਤੋਂ ਬੁਰਾ ਦੌਰ ਆਉਣਾ ਬਾਕੀ

07/08/2020 5:00:12 PM

ਜਿਨੇਵਾ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਬੁਰਾ ਦੌਰ ਆਉਣਾ ਬਾਕੀ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ. ਤੇਦਰੋਸ ਗੇਬਿਰਏਸਸ ਨੇ ਕਿਹਾ, 'ਵਾਇਰਸ ਦਾ ਕਹਿਰ ਤੇਜ਼ ਹੋ ਰਿਹਾ ਹੈ ਅਤੇ ਅਸੀਂ ਸਪੱਸ਼ਟ ਰੂਪ ਤੋਂ ਮਹਾਮਾਰੀ ਦੇ ਸਿਖ਼ਰ 'ਤੇ ਨਹੀਂ ਪੁੱਜੇ ਹਾਂ। ਗਲੋਬਲ ਪੱਧਰ 'ਤੇ ਮੌਤਾਂ ਦੀ ਗਿਣਤੀ ਘੱਟ ਹੁੰਦੀ ਦਿਸ ਰਹੀ ਹੈ ਪਰ ਅਸਲ ਵਿਚ ਕੁੱਝ ਹੀ ਦੇਸ਼ਾਂ ਨੇ ਮਰਨ ਵਾਲਿਆਂ ਦੀ ਗਿਣਤੀ ਘੱਟ ਕਰਣ ਵਿਚ ਮਹੱਤਵਪੂਰਣ ਤਰੱਕੀ ਕੀਤੀ ਹੈ ਜਦੋਂ ਕਿ ਹੋਰ ਦੇਸ਼ਾਂ ਵਿਚ ਮੌਤਾਂ ਅਜੇ ਵੀ ਵੱਧ ਰਹੀਆਂ ਹਨ। ਡਾ. ਤੇਦਰੋਸ ਨੇ ਮੰਗਲਵਾਰ ਨੂੰ ਡਬਲਯੂ.ਐੱਚ.ਓ. ਦੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵੀਕੈਂਡ ਵਿਚ ਦੁਨੀਆ ਭਰ ਵਿਚ ਇਨਫੈਕਸ਼ਨ ਦੇ 400,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਦੇ 1.14 ਕਰੋੜ ਮਾਮਲੇ ਸਾਹਮਣੇ ਆਏ ਹਨ ਅਤੇ 5.35 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ, 'ਅਸੀਂ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਹੁਣ ਤੱਕ ਕਹਿੰਦੇ ਰਹੇ ਹਾਂ ਕਿ ਇਹ ਵਾਇਰਸ ਬਹੁਤ ਖ਼ਤਰਨਾਕ ਹੈ। ਅਸੀਂ ਇਨਫੈਕਸ਼ਨ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਨੂੰ ਕਈ ਵਾਰ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਹੈ। ਇਸ ਦੇ 2 ਖ਼ਤਰਨਾਕ ਸੰਯੋਜਨ ਹਨ, ਪਹਿਲਾ ਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਦੂਜਾ ਇਸ ਨਾਲ ਮੌਤ ਹੋ ਸਕਦੀ ਹੈ। ਇਸ ਲਈ ਅਸੀਂ ਚਿੰਤਤ ਸੀ ਅਤੇ ਦੁਨੀਆ ਨੂੰ ਲਗਾਤਾਰ ਚਿਤਾਵਨੀ ਦੇ ਰਹੇ ਸੀ।'

ਕੋਰੋਨਾ ਵਾਇਰਸ ਨੂੰ 'ਮਨੁੱਖਤਾ ਦਾ ਦੁਸ਼ਮਣ ਕਰਾਰ ਦਿੰਦੇ ਹੋਏ ਡਾ. ਤੇਦਰੋਸ ਨੇ ਕਿਹਾ ਕਿ ਮਨੁੱਖਤਾ ਨੂੰ ਇਸ ਨਾਲ ਲੜਨ ਅਤੇ ਹਰਾਉਣ ਲਈ ਇੱਕਜੁਟ ਹੋ ਕੇ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਦੀ ਵਿਚ ਇਕ ਵਾਰ ਹੁੰਦਾ ਹੈ। ਇਹ ਇਕ ਖ਼ਤਰਨਾਕ ਵਾਇਰਸ ਹੈ। ਸਾਲ 1918 ਤੋਂ ਇਸ ਤਰ੍ਹਾਂ ਦੀ ਕੋਈ ਮਹਾਮਾਰੀ ਨਹੀਂ ਵੇਖੀ ਗਈ ਹੈ। ਡਬਲਯੂ.ਐੱਚ.ਓ. ਐਮਰਜੈਂਸੀ ਸਿਹਤ ਪ੍ਰੋਗਰਾਮ  ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਰਿਯਾਨ ਨੇ ਚਿਤਾਵਨੀ ਦਿੱਤੀ ਹੈ ਕਿ ਗਲੋਬਲ ਪੱਧਰ 'ਤੇ ਮੌਤਾਂ ਦੀ ਗਿਣਤੀ ਫਿਰ ਤੋਂ ਵੱਧ ਸਕਦੀ ਹੈ। ਉਨ੍ਹਾਂ ਕਿਹਾ, 'ਅਸੀਂ ਜੂਨ ਵਿਚ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਵੇਖੀ ਹੈ ਹਾਲਾਂਕਿ ਅਜੇ ਤੱਕ ਮੌਤਾਂ ਦੇ ਅੰਕੜਿਆਂ ਵਿਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਸ ਵਿਚ ਸਮਾਂ ਲੱਗਦਾ ਹੈ ਅਤੇ ਇਕ ਅੰਤਰਾਲ ਪੜਾਅ ਹੁੰਦਾ ਹੈ। ਅਸੀ ਮੌਤ ਦੇ ਅੰਕੜੇ ਫਿਰ ਵੱਧਦੇ ਹੋਏ ਵੇਖ ਸਕਦੇ ਹਾਂ।' ਡਾ. ਰਿਯਾਨ ਨੇ ਕਿਹਾ ਕਿ ਪਿਛਲੇ ਕੁੱਝ ਹਫਤਿਆਂ ਵਿਚ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਮਈ ਦੇ ਮੱਧ ਤੋਂ ਮੌਤਾਂ ਸਥਿਰ ਹਨ । ਇਹ ਕੁੱਝ ਅੰਤਰਾਲ ਕਾਰਕ ਦੇ ਕਾਰਨ ਹੋ ਸਕਦਾ ਹੈ ਪਰ ਜੇਕਰ ਮੌਤ ਦੇ ਅੰਕੜੇ ਫਿਰ ਵਧਣ ਲੱਗੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦਾ ਹੈ। ਇਸ ਦੇ ਹਾਲਾਂਕਿ ਹੋਰ ਕਾਰਕ ਹੋ ਸਕਦੇ ਹਨ। ਡਾਕਟਰਾਂ ਅਤੇ ਨਰਸਾਂ ਨੇ ਰੋਗੀਆਂ ਦਾ ਪ੍ਰਬੰਧਨ ਕਰਣਾ ਸਿੱਖ ਲਿਆ ਹੈ ਅਤੇ ਹੋ ਸਕਦਾ ਹੈ ਕਿ ਇਸ ਦੇ ਕਾਰਨ ਮੌਤਾਂ ਵਿਚ ਕਮੀ ਆਈ ਹੋਵੇ।


cherry

Content Editor

Related News