ਟਰੰਪ ਤੋਂ ਬਾਅਦ ਵ੍ਹਾਈਟ ਹਾਊਸ ‘ਚ ਇਨਫੈਕਸ਼ਨ ਦੇ ਮਾਮਲੇ ਵਧੇ, ਸਲਾਹਕਾਰ ਅਤੇ ਫੌਜ ਅਧਿਕਾਰੀ ਵੀ ਪਾਜ਼ੇਟਿਵ
Thursday, Oct 08, 2020 - 01:11 AM (IST)

ਵਾਸ਼ਿੰਗਟਨ- ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ (70 ਲੱਖ ਤੋਂ ਵੱਧ) ਇਸ ਸਮੇਂ ਅਮਰੀਕਾ ‘ਚ ਹਨ। ਇੱਥੇ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2 ਲੱਖ ਦੇ ਪਾਰ ਹੋ ਚੁੱਕਿਆ ਹੈ। ਉੱਥੇ ਹੀ ਇਸ ਜਾਨਲੇਵਾ ਵਾਇਰਸ ਨੇ ਵ੍ਹਾਈਟ ਹਾਊਸ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਬੀਤੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਪਾਜ਼ੇਟਿਵ ਹੋਏ ਸਨ। ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਜ਼ਿਆਦਾਤਰ ਅਧਿਕਾਰੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਸਮੇਤ ਸੀਨੀਅਰ ਫੌਜ ਅਧਿਕਾਰੀ ਵੀ ਕੋਰੋਨਾ ਪੀੜਤ ਹਨ। ਸੀਨੀਅਰ ਨੀਤੀ ਸਲਾਹਕਾਰ ਸਟੀਫਨ ਮਿਲਰ ਪਿਛਲੇ 5 ਦਿਨਾਂ ਤੋਂ ਆਈਸੋਲੇਟ ਸਨ। ਮੰਗਲਵਾਰ ਨੂੰ ਜਾਂਚ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ।
ਮਿਲਰ ਨੇ ਦੱਸਿਆ ਕਿ ਉਹ ਕੋਰੋਨਾ ਦੀ ਜਾਂਚ ਨਿਯਮਿਤ ਰੂਪ ਨਾਲ ਕਰਵਾ ਰਹੇ ਸਨ, ਇਸ ਦੇ ਬਾਵਜੂਦ ਉਹ ਕੁਆਰੰਟੀਨ ਨਿਯਮਾਂ ਦਾ ਪਾਲਣ ਕਰ ਰਹੇ ਸਨ। ਮਿਲਰ ਦੀ ਪਤਨੀ ਅਤੇ ਉਪ ਰਾਸ਼ਟਰਪਤੀ ਦੀ ਬੁਲਾਰਨ ਮਈ ‘ਚ ਕੋਰੋਨਾ ਪੀੜਤ ਹੋਈ ਸੀ ਪਰ ਉੱਚਿਤ ਇਲਾਜ ਤੋਂ ਬਾਅਦ ਇਹ ਹੁਣ ਸਿਹਤਯਾਬ ਹੈ। ਉੱਥੇ ਹੀ ਜੁਲਾਈ ‘ਚ ਮਿਲਰ ਦੀ 97 ਸਾਲਾ ਦਾਦੀ ਦੀ ਕੋਰੋਨਾ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਸੀ।
ਕੋਸਟ ਗਾਰਡ ਅਧਿਕਾਰੀ ਐਡਮਿਰਲ ਚਾਰਲਸ ਰੇ ਵੀ ਕੋਰੋਨਾ ਪੀੜਤ ਹਨ। ਇਸ ਤੋਂ ਬਾਅਦ ਸੀਨੀਅਰ ਅਮਰੀਕੀ ਜਨਰਲ ਮਾਰਕ ਮਿਲ ਹੋਰ ਫੌਜ ਅਧਿਕਾਰੀਆਂ ਨਾਲ ਕੁਆਰੰਟੀਨ ਨਿਯਮਾਂ ਦਾ ਪਾਲਣ ਕਰ ਰਹੇ ਹਨ। ਕੋਸਟ ਗਾਰਡ ਦੇ ਉਪ-ਕਮਾਂਡੈਂਟ ਐਡਮ ਰੇ ‘ਚ ਕੋਰੋਨਾ ਦੇ ਹਲਕੇ ਲੱਛਣਾਂ ਦੀ ਸ਼ਿਕਾਇਤ ਹੈ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਬੀਤੇ ਹਫ਼ਤੇ ਐਡਮ ਰੇ ਦੇ ਨਾਲ ਬੈਠਕ ‘ਚ ਸ਼ਾਮਲ ਹੋਣ ਵਾਲੇ ਸਾਰੇ ਅਧਿਕਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਐਡਮ ਰੇ ਵੀ ਹੋਏ ਇਨਫੈਕਟਿਡ
ਜ਼ਿਕਰਯੋਗ ਹੈ ਕਿ ਬੀਤੇ ਹਫਤੇ ਰਾਸ਼ਟਰਪਤੀ ਟਰੰਪ ਅਤੇ ਹੋਰ ਵ੍ਹਾਈਟ ਹਾਊਸ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਕੋਸਟ ਗਾਰਡ ਉਪ-ਕਮਾਂਡੈਂਟ ਐਡਮ ਰੇ ਕਿਵੇਂ ਅਤੇ ਕਿੱਥੇ ਕੋਰੋਨਾ ਦੇ ਸ਼ਿਕਾਰ ਹੋਏ ਇਸ ਗੱਲ ਦਾ ਅਜੇ ਪਤਾ ਨਹੀਂ ਚੱਲਿਆ ਹੈ। ਬੀਤੇ ਦੱਸ ਦਿਨ ਪਹਿਲਾਂ ਉਹ ਵ੍ਹਾਈਟ ਹਾਊਸ ਦੀ ਇਕ ਮੀਟਿੰਗ ’ਚ ਸ਼ਾਮਲ ਹੋਏ ਸਨ। ਫਿਲਹਾਲ ਉਹ ਘਰ ’ਚ ਕੁਆਰੰਟੀਨ ਹਨ।