ਕੋਵਿਡ-19 : ਟੋਰਾਂਟੋ 'ਚ ਮੁੜ ਖੁੱਲ੍ਹ ਸਕਦੇ ਹਨ ਖੇਡ ਮੈਦਾਨ
Sunday, Jul 12, 2020 - 09:57 AM (IST)

ਓਟਾਵਾ- ਟੋਰਾਂਟੋ ਦੇ ਮੇਅਰ ਜੌਹਨ ਟੋਰੀ ਮੁਤਾਬਕ ਜਲਦ ਹੀ ਹੁਣ ਸੂਬੇ ਵਿਚ ਖੇਡ ਮੈਦਾਨਾਂ ਨੂੰ ਦੁਬਾਰਾ ਖੋਲ੍ਹਣ ਲਈ ਹਰੀ ਝੰਡੀ ਦਿੱਤੀ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਆਊਟਡੋਰ ਪੂਲਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਟੋਰੀ ਮੁਤਾਬਕ ਤੀਜੀ ਸਟੇਜ ਤਹਿਤ ਕੀ-ਕੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਸ ਸੂਚੀ ਵਿਚ ਖੇਡ ਮੈਦਾਨਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਾਨੂੰ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਕੀ ਖੇਡ ਮੈਦਾਨ ਖੋਲ੍ਹਣੇ ਸੁਰੱਖਿਅਤ ਹਨ।
ਜੇਕਰ ਸਾਨੂੰ ਲੱਗੇਗਾ ਕਿ ਇਸ ਨੂੰ ਖੋਲ੍ਹਣਾ ਸੁਰੱਖਿਅਤ ਨਹੀਂ ਹੈ ਤਾਂ ਅਸੀਂ ਇਸ ਨੂੰ ਨਹੀਂ ਖੋਲ੍ਹਾਂਗੇ। ਸੂਬਾਈ ਸਰਕਾਰ ਨੇ ਅਜੇ ਇਹ ਨਹੀਂ ਦੱਸਿਆ ਕਿ ਖੇਤਰ ਕਦੋਂ ਪੜਾਅ 3 'ਤੇ ਪਹੁੰਚ ਸਕਦੇ ਹਨ ਪਰ ਸੰਕੇਤ ਦਿੱਤਾ ਹੈ ਕਿ ਸਿਹਤ ਅਧਿਕਾਰੀਆਂ ਨੂੰ ਅੱਗੇ ਵਧਣ ਤੋਂ ਪਹਿਲਾਂ ਨਵੇਂ ਮਾਮਲਿਆਂ ਅਤੇ ਹਸਪਤਾਲਾਂ ਵਿਚ ਦਾਖਲ ਹੋਣ ਵਿਚ ਨਿਰੰਤਰ ਗਿਰਾਵਟ ਵੇਖਣ ਦੀ ਜ਼ਰੂਰਤ ਪਵੇਗੀ।
ਪਿਛਲੇ ਇਕ ਮਹੀਨੇ ਤੋਂ ਸੂਬੇ ਵਿਚ ਵਾਇਰਸ ਦੇ ਨਵੇਂ ਅਤੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਲਗਾਤਾਰ ਹੇਠਾਂ ਵੱਲ ਜਾਰੀ ਹੈ। ਸ਼ਨੀਵਾਰ ਨੂੰ ਪੰਜ ਦਿਨਾਂ ਦੇ ਔਸਤਨ ਨਵੇਂ ਮਾਮਲੇ 129 ਰਹਿ ਗਏ ਜੋ ਇਕ ਹਫਤੇ ਪਹਿਲਾਂ 150 ਸਨ। ਇਸ ਸਮੇਂ 118 ਮਰੀਜ਼ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ ਜਿਨ੍ਹਾਂ ਵਿਚੋਂ 31 ਮਰੀਜ਼ ਆਈ. ਸੀ. ਯੂ. ਵਿਚ ਦਾਖਲ ਹਨ।