''USA ''ਚ ਕੋਰੋਨਾ ਕਾਰਨ ਸਤੰਬਰ ਤੱਕ 2 ਲੱਖ ਮੌਤਾਂ ਦਾ ਖਦਸ਼ਾ''
Thursday, Jun 11, 2020 - 05:06 PM (IST)

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਪ੍ਰਸਿੱਧ ਪ੍ਰੋਫੈਸਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਸਤੰਬਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ ਤੱਕ ਪੁੱਜ ਸਕਦੀ ਹੈ ਤੇ ਕੋਵਿਡ-19 ਦੇ ਮਾਮਲਿਆਂ ਵਿਚ ਵੱਡੀ ਗਿਰਾਵਟ ਦੀ ਉਮੀਦ ਕਰਨਾ ਖਿਆਲੀ ਗੱਲਾਂ ਹਨ।
ਹਾਵਰਡ ਵਿਚ ਗਲੋਬਲ ਹੈਲਥ ਇੰਸਟੀਚਿਊਟ ਦੇ ਮੁਖੀ ਆਸ਼ੀਸ਼ ਝਾਅ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਉਹ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਟੈਸਟ ਦੀ ਗਿਣਤੀ ਵਧਾਉਣ ਅਤੇ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਅਪੀਲ ਕੀਤੀ। ਝਾਅ ਨੇ ਕਿਹਾ ਜੇਕਰ ਕੋਈ ਇਨ੍ਹਾਂ ਮਾਮਲਿਆਂ ਵਿਚ ਵੱਡੀ ਗਿਰਾਵਟ ਦੀ ਉਮੀਦ ਕਰ ਰਿਹਾ ਹੈ ਤਾਂ ਉਹ ਇਹ ਜਾਣ ਲਵੇ ਕਿ ਅਜਿਹਾ ਨਹੀਂ ਹੋਣ ਵਾਲਾ।
ਝਾਅ ਨੇ ਕਿਹਾ ਕਿ ਉਨ੍ਹਾਂ ਨੇ ਗਰਮੀ ਦੇ ਮੌਸਮ ਵਿਚ ਹਾਲਾਤ ਸੁਧਰਨ ਦੀ ਉਮੀਦ ਕੀਤੀ ਸੀ ਪਰ ਇਸ ਦੇ ਉਲਟ ਗਰਮੀਆਂ ਵਿਚ ਵੀ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਕੋਰੋਨਾ ਵਾਇਰਸ ਅਤੇ ਇਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਵਿਸ਼ਵ ਵਿਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਇਸ ਸਮੇਂ ਤਕਰੀਬਨ 20 ਲੱਖ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਤੇ ਇਨ੍ਹਾਂ ਵਿਚੋਂ 1,12,900 ਲੋਕਾਂ ਦੀ ਮੌਤ ਹੋ ਚੁੱਕੀ ਹੈ।