ਕੋਵਿਡ-19 : 3 ਮਹੀਨਿਆਂ ''ਚ ਪਹਿਲੀ ਵਾਰ ਚੀਨ ''ਚ 24 ਘੰਟੇ ''ਚ ਕੋਈ ਮੌਤ ਨਹੀਂ
Wednesday, Apr 08, 2020 - 12:52 AM (IST)

ਬੀਜਿੰਗ (ਏਜੰਸੀ)- ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਆਖਿਰਕਾਰ ਚੀਨ ਵਿਚ ਹੁਣ ਹਾਲਾਤ ਪਹਿਲਾਂ ਨਾਲੋਂ ਕੁਝ ਬਿਹਤਰ ਹੋਣ ਲੱਗੇ ਹਨ। ਬੀਤੇ 24 ਘੰਟਿਆਂ 'ਚ ਚੀਨ ਵਿਚ ਇਕ ਵੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਥੇ ਕੋਰੋਨਾਵਾਇਰਸ ਵਰਗੀ ਭਿਆਨਕ ਤੇ ਖਤਰਨਾਕ ਬੀਮਾਰੀ ਕਾਰਨ ਕਿਸੇ ਦੀ ਵੀ ਜਾਨ ਨਹੀਂ ਗਈ ਹੈ। ਅਜਿਹਾ ਜਨਵਰੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਵਾਇਰਸ ਦੇ 32 ਨਵੇਂ ਮਾਮਲੇ ਸਾਹਮਣੇ ਜ਼ਰੂਰ ਆਏ ਹਨ, ਪਰ ਇਹ ਸਾਰੇ ਵਿਦੇਸ਼ ਤੋਂ ਆਏ ਲੋਕ ਹਨ। ਵਿਦੇਸ਼ ਤੋਂ ਆਉਣ ਵਾਲੇ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 983 ਹੋ ਗਈ ਹੈ। ਮੰਗਲਵਾਰ ਨੂੰ ਘਰੇਲੂ ਇਨਫੈਕਸ਼ਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਨੈਸ਼ਨਲ ਹੈਲਥ ਕਮਿਸ਼ਨ (ਐਨ.ਐਚ.ਸੀ.) ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 3331 ਲੋਕਾਂ ਦੀ ਮੌਤ ਹੋਈ ਹੈ ਅਤੇ 81740 ਲੋਕ ਇਨਫੈਕਟਿਡ ਹਨ। ਇਨਫੈਕਟਿਡ ਲੋਕਾਂ ਵਿਚੋਂ 1242 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ, ਜਦੋਂ ਕਿ 77,167 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਨ.ਐਚ.ਸੀ. ਨੇ ਸੋਮਵਾਰ ਨੂੰ ਉਨ੍ਹਾਂ 30 ਲੋਕਾਂ ਦੀ ਸੂਚੀ ਜਾਰੀ ਕੀਤੀ ਜੋ ਕੋਰੋਨਾ ਪਾਜ਼ੇਟਿਵ ਤਾਂ ਹਨ, ਪਰ ਉਨ੍ਹਾਂ ਵਿਚ ਲੱਛਣ ਨਹੀਂ ਦਿਖਾਈ ਦੇ ਰਹੇ। ਇਨ੍ਹਾਂ ਵਿਚੋਂ 9 ਲੋਕ ਵਿਦੇਸ਼ ਤੋਂ ਆਏ ਹਨ। ਬਿਨਾਂ ਲੱਛਣਾਂ ਵਾਲੇ ਕੋਰੋਨਾ ਇਨਫੈਕਟਿਡ ਮਰੀਜ਼ਾਂ ਨਾਲ ਵੱਡੀ ਗਿਣਤੀ ਵਿਚ ਇਨਫੈਕਸ਼ਨ ਫੈਲਣ ਦਾ ਖਤਰਾ ਰਹਿੰਦਾ ਹੈ।
ਚੀਨ ਵਿਚ ਹਾਲ ਦੇ ਦਿਨਾਂ ਵਿਚ ਬਿਨਾਂ ਲੱਛਣ ਵਾਲੇ ਮਿਲੇ 1033 ਮਾਮਲਿਆਂ ਦੀ ਨਿਗਰਾਨੀ ਹੋ ਰਹੀ ਹੈ। ਚੀਨ ਨੇ ਸੋਮਵਾਰ ਨੂੰ ਪਹਿਲੀ ਵਾਰ ਕੋਰਨਾ ਵਾਇਰਸ ਇਨਫੈਕਸ਼ਨ ਦੀ ਟਾਈਮਲਾਈਨ ਜਾਰੀ ਕੀਤੀ। 38 ਪੇਜ ਦੀ ਇਸ ਟਾਈਮਲਾਈਨ ਵਿਚ ਕਿਹਾ ਗਿਆ ਹੈ ਕਿ ਇਸ ਵਾਇਰਸ ਦਾ ਪਤਾ ਪਹਿਲੀ ਵਾਰ ਵੁਹਾਨ ਵਿਚ ਪਿਛਲੇ ਸਾਲ ਦਸੰਬਰ ਵਿਚ ਲੱਗਾ ਸੀ। ਉਸ ਸਮੇਂ ਇਕ ਵਿਅਕਤੀ ਵਿਚ ਅਣਪਛਾਤੇ ਕਾਰਣਾਂ ਦੇ ਚੱਲਦਿਆਂ ਨਿਮੋਨੀਆ ਹੋਣ ਦਾ ਪਤਾ ਲੱਗਾ ਸੀ। ਵਾਇਰਸ ਦੇ ਆਉਣ ਨੂੰ ਲੈ ਕੇ ਚੀਨ ਲੰਬੇ ਸਮੇਂ ਤੋਂ ਪੂਰੀ ਦੁਨੀਆ ਦੇ ਨਿਸ਼ਾਨੇ 'ਤੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਤਾਂ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਤੱਕ ਕਹਿ ਚੁੱਕੇ ਹਨ।
ਚੀਨ ਦੇ ਵੁਹਾਨ ਤੋਂ ਫੈਲੇ ਜਾਨਲੇਵਾ ਕੋਵਿਡ-19 ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ।ਇਸ ਕਾਰਨ ਜ਼ਿਆਦਾਤਰ ਦੇਸ਼ਾਂ ਵਿਚ ਲੌਕਡਾਊਨ ਦੀ ਸਥਿਤੀ ਹੈ। ਉੱਥੇ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ 80 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਅਜਿਹੇ ਵਿਚ ਜਦੋਂ ਸਮਾਜਿਕ ਦੂਰੀ ਅਤੇ ਲੌਕਡਾਊਨ ਨਾਲ ਸਾਰੇ ਦੇਸ਼ ਇਸ ਵਾਇਰਸ ਨੂੰ ਹਰਾਉਣ ਵਿਚ ਜੁਟੇ ਹਨ ਤਾਂ ਚੀਨ ਤੋਂ ਆਈਆਂ ਕੁਝ ਤਸਵੀਰਾਂ ਨੇ ਇਹਨਾਂ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਹੈ। 3 ਮਹੀਨੇ ਦਾ ਲੌਕਡਾਊਨ ਖੁੱਲ੍ਹਣ ਦੇ ਬਾਅਦ ਚੀਨੀ ਸੈਲਾਨੀ ਸਥਲਾਂ 'ਤੇ ਹਜ਼ਾਰਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਚਿਤਾਵਨੀ ਦੇ ਬਾਅਦ ਵੀ ਸੈਲਾਨੀ ਸਥਲਾਂ 'ਤੇ ਲੋਕਾਂ ਦਾ ਆਉਣਾ ਘੱਟ ਨਹੀਂ ਹੋਇਆ ਹੈ ਅਤੇ ਇਹੀ ਹਾਲ ਬੀਜਿੰਗ ਤੋਂ ਲੈ ਕੇ ਸ਼ੰਘਾਈ ਤੱਕ ਦਾ ਹੈ।