ਕੋਵਿਡ-19 : ਫਰਾਂਸ ’ਚ ਲਾਕਡਾਊਨ ਦਾ ਪਹਿਲਾ ਦਿਨ, ਸੜਕਾਂ ਰਹੀਆਂ ਸੁੰਨਸਾਨ
Saturday, Oct 31, 2020 - 12:24 AM (IST)
ਪੈਰਿਸ-ਫਰਾਂਸ ਸਰਕਾਰ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਫਿਰ ਤੋਂ ਹੋ ਰਹੀ ਤੇਜ਼ੀ ਤੋਂ ਬਾਅਦ ਦੇਸ਼ ’ਚ ਚਾਰ ਹਫਤਿਆਂ ਦਾ ਲਾਕਡਾਊਨ ਲਗਾਇਆ ਹੈ। ਲਾਕਡਾਊਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੜਕਾਂ ’ਤੇ ਘੱਟ ਹੀ ਲੋਕ ਨਜ਼ਰ ਆਏ। ਸੱਤ ਮਹੀਨਿਆਂ ’ਚ ਦੂਜੀ ਵਾਰ ਸ਼ੁੱਕਰਵਾਰ ਤੋਂ ਲਾਗੂ ਲਾਕਡਾਊਨ ਤਹਿਤ ਲੋਕਾਂ ਨੂੰ ਘਰਾਂ ’ਚ ਰਹਿਣ ਨੂੰ ਕਿਹਾ ਗਿਆ ਹੈ ਅਤੇ ਬਾਹਰ ਨਿਕਲਣ ’ਤੇ ਜੁਰਮਾਨਾ ਜਾਂ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਸਰਤ ਲਈ ਇਕ ਘੰਟਾ ਬਾਹਰ ਨਿਕਲਣ ਜਾਂ ਇਲਾਜ ਜਾਂ ਜ਼ਰੂਰੀ ਚੀਜ਼ਾਂ ਲਈ ਦੁਕਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਸ਼ੁੱਕਰਵਾਰ ਸਵੇਰੇ ਸੜਕ ਸੁੰਨਸਾਨ ਨਜ਼ਰ ਆ ਰਹੀਆਂ ਸਨ ਅਤੇ ਕੁਝ ਹੀ ਲੋਕ ਘਰਾਂ ’ਚੋਂ ਬਾਹਰ ਨਿਕਲੇ। ਰੈਸਤਰਾਂ ਅਤੇ ਕੈਫੇ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ ਸੁਪਰ ਮਾਰਕਿਟ ’ਚ ਹੀ ਲੋਕ ਨਜ਼ਰ ਆਏ ਕਿਉਂਕਿ ਉਥੇ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਪਹੁੰਚੇ ਸਨ।
ਰਾਜਧਾਨੀ ਪੈਰਿਸ ’ਚ ਵੀ ਸੜਕਾਂ ਖਾਲੀ ਨਜ਼ਰ ਆ ਰਹੀਆਂ ਸਨ। ਆਮ ਤੌਰ ’ਤੇ ਹਫਤੇ ਦੀ ਸ਼ੁਰੂਆਤ ’ਚ ਹੀ ਸੜਕਾਂ ’ਤੇ ਗੱਡੀਆਂ ਦੀ ਆਵਾਜਾਈ ਵਧ ਜਾਂਦੀ ਹੈ।
ਕਈ ਲੋਕ ਇਸ ਹਫਤੇ ਦੇ ਆਖਿਰ ’ਚ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ ਨੂੰ ਚਲੇ ਗਏ। ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਕਿਹਾ ਕਿ ਸੋਮਵਾਰ ਤੋਂ ਛੁੱਟੀਆਂ ਮਨਾਉਣ ਲਈ ਘਰਾਂ ਨੂੰ ਪਰਤਣ ਵਾਲੇ ਲੋਕਾਂ ਪ੍ਰਤੀ ਪ੍ਰਸ਼ਾਸਨ ਉਦਾਰਵਾਦੀ ਰਵੱਈਆ ਅਪਣਾਵੇ ਅਤੇ ਬਿਨਾਂ ਵਜ੍ਹਾ ਬਾਹਰ ਘੁੰਮਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।