ਕੋਵਿਡ-19: ਐਤਵਾਰ ਨੂੰ 1500 ਭਾਰਤੀਆਂ ਨੂੰ ਦੱਖਣੀ ਅਫ਼ਰੀਕਾ ਤੋਂ ਲਿਆਇਆ ਜਾਵੇਗਾ ਭਾਰਤ
Saturday, Jul 11, 2020 - 09:55 AM (IST)
ਜੋਹਾਨਸਬਰਗ (ਭਾਸ਼ਾ) : ਕੋਰੋਨਾ ਵਾਇਰਸ ਕਾਰਨ ਲੱਗੀ ਪਾਬੰਦੀਆਂ ਦੇ ਚਲਦੇ ਦੱਖਣੀ ਅਫ਼ਰੀਕਾ ਵਿਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਵਾਪਸ ਲਿਆਇਆ ਜਾਵੇਗਾ। ਭਾਰਤੀਆਂ ਦੀ ਵਤਨ ਵਾਪਸੀ ਦੀ ਵਿਵਸਥਾ ਇੰਡੀਆ ਕਲੱਬ ਨਾਮ ਦੇ ਸਮੂਹ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਮੂਹ ਵੱਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਕ ਉਡਾਣ ਦੀ ਵਿਵਸਥਾ ਕੀਤੀ ਗਈ ਸੀ।
ਕੋਵਿਡ-19 ਮਹਾਮਾਰੀ ਕਾਰਨ ਇੱਥੇ ਕਈ ਕਾਰੋਬਾਰਾਂ ਨੇ ਆਪਣਾ ਕੰਮ ਘਟਾ ਦਿੱਤਾ ਦਿੱਤਾ, ਜਿਸ ਦੇ ਚਲਦੇ ਸਥਾਨਕ ਕੰਪਨੀਆਂ ਨਾਲ ਜੁੜੇ ਕਈ ਭਾਰਤੀਆਂ ਦੇ ਸਮਝੌਤੇ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਏ। ਬੈਂਗਲੁਰੂ ਦੇ ਅਜਿਹੇ 50 ਤੋਂ ਜ਼ਿਆਦਾ ਆਈ.ਟੀ. ਪੇਸ਼ੇਵਰ ਦੱਖਣੀ ਅਫ਼ਰੀਕਾ ਵਿਚ ਫਸੇ ਸਨ। ਉਹ ਵੀ ਇਸ ਉਡਾਣ ਰਾਹੀਂ ਪਰਤਣ ਵਾਲੇ ਯਾਤਰੀਆਂ ਵਿਚ ਸ਼ਾਮਲ ਹਨ। ਇਨ੍ਹਾਂ ਯਾਤਰੀਆਂ ਵਿਚ ਦੱਖਣੀ ਅਫ਼ਰੀਕਾ ਦੇ 14 ਨਾਗਰਿਕ ਵੀ ਸ਼ਾਮਲ ਹਨ, ਜੋ ਛੁੱਟੀ 'ਤੇ ਘਰ ਆਏ ਹੋਏ ਸਨ ਅਤੇ ਭਾਰਤੀ ਖਦਾਨਾਂ ਵਿਚ ਆਪਣੇ ਕੰਮ 'ਤੇ ਪਰਤ ਰਹੇ ਹਨ। ਭਾਰਤ ਸਰਕਾਰ ਦੀਆਂ 3 ਵੰਦੇ ਭਾਰਤ ਉਡਾਣਾਂ ਜ਼ਰੀਏ ਹਜ਼ਾਰਾਂ ਭਾਰਤੀਆਂ ਨੂੰ ਦੱਖਣੀ ਅਫ਼ਰੀਕਾ ਤੋਂ ਵਾਪਸ ਲਿਆਇਆ ਜਾ ਚੁੱਕਾ ਹੈ।