ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ
Monday, Dec 23, 2024 - 07:21 PM (IST)
ਗੁਰਦਾਸਪੁਰ/ਪੇੇਸ਼ਾਵਰ (ਵਿਨੋਦ) : ਇੱਥੋਂ ਦੀ ਇੱਕ ਅੱਤਵਾਦ ਰੋਕੂ ਅਦਾਲਤ ਨੇ ਈਸ਼ਨਿੰਦਾ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਕੇਸ ਦੀ ਸੰਵੇਦਨਸ਼ੀਲਤਾ ਦੇ ਕਾਰਨ, ਪੇਸ਼ਾਵਰ ਕੇਂਦਰੀ ਜੇਲ੍ਹ ਦੇ ਅੰਦਰ ਕੇਸ ਦੀ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਦੋਸ਼ੀ ਦੇ ਖਿਲਾਫ ਆਪਣਾ ਕੇਸ ਸਾਬਤ ਕਰ ਦਿੱਤਾ ਹੈ ਅਤੇ ਰਿਕਾਰਡ ’ਤੇ ਮੌਜੂਦ ਸਬੂਤ ਉਸ ਨੂੰ ਅਪਰਾਧ ਨਾਲ ਜੋੜਦੇ ਹਨ।
ਸੂਤਰਾਂ ਮੁਤਾਬਕ ਬੰਨੂ ਜ਼ਿਲੇ ਦੇ ਰਹਿਣ ਵਾਲੇ ਦੋਸ਼ੀ ਸਫਦਰ ਸਰਦਾਰ ਨੂੰ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੀ ਅੱਤਵਾਦ ਰੋਕੂ ਸ਼ਾਖਾ ਨੇ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ। ਉਸ ’ਤੇ ਧਾਰਾ 295-ਸੀ (ਈਸ਼ ਨਿੰਦਾ) ਅਤੇ ਅੱਤਵਾਦ ਵਿਰੋਧੀ ਕਾਨੂੰਨ ਸਮੇਤ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ। ਐਫ.ਆਈ.ਏ. ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਇਤਰਾਜ਼ਯੋਗ ਤਸਵੀਰਾਂ ਦੇ ਨਾਲ ਕੁਰਾਨ ਦੀਆਂ ਆਇਤਾਂ ਪ੍ਰਦਰਸ਼ਿਤ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ '’ਤੇ ਪੋਸਟ ਕੀਤਾ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਸ ਨੇ ਈਸ਼ਨਿੰਦਾ ਕੀਤੀ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।