ਅਮਰੀਕਾ : ਗੁਜਰਾਤੀ ਕਾਰੋਬਾਰੀ ਪ੍ਰਵੀਨ ਪਟੇਲ ਉਰਫ ਪੀਟਰ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

02/28/2024 2:23:10 PM

ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਵਿੱਚ ਸੈਂਡਵਿਚ ਦੀ ਦੁਕਾਨ ਚਲਾਉਣ ਵਾਲੇ ਇਕ ਭਾਰਤੀ ਗੁਜਰਾਤੀ ਪ੍ਰਵੀਨ ਪਟੇਲ ਉਰਫ ਪੀਟਰ ਦਾ ਸੰਨ 2015 ਵਿੱਚ ਲੁਟੇਰੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਪਟੇਲ 200 ਡਾਲਰ ਲੈ ਕੇ ਭੱਜ ਰਹੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ।ਹੁਣ ਅਦਾਲਤ ਨੇ ਪੀਟਰ ਦੇ ਕਾਤਲ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਕੈਦ ਦੌਰਾਨ ਪੈਰੋਲ ’ਤੇ ਰਿਹਾਅ ਨਾ ਕਰਨ ਦਾ ਵੀ ਹੁਕਮ ਜਾਰੀ ਕੀਤਾ ਮਤਲਬ ਕਿ ਪੀਟਰ ਪਟੇਲ ਦੇ ਕਾਤਲ ਨੂੰ ਹੁਣ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ। 

ਪ੍ਰਵੀਨ ਪਟੇਲ ਉਰਫ ਪੀਟਰ ਦਾ 02 ਜੂਨ, 2015 ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿੱਚ ਇਕ ਲੁਟੇਰੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਪਟੇਲ 62 ਸਾਲਾਂ ਦਾ ਸੀ ਅਤੇ ਅਮਰੀਕਾ ਵਿੱਚ ਪੀਟਰ ਪਟੇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ 12 ਸਾਲਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿੱਚ ਸੈਂਡਵਿਚ ਦੀ ਦੁਕਾਨ ਚਲਾ ਰਿਹਾ ਸੀ। ਘਟਨਾ ਸਮੇਂ ਦੁਪਹਿਰ ਦੇ 3:30 ਵਜੇ ਦੇ ਕਰੀਬ ਸਰਗੀ ਗੁਟਸੂ ਨਾਂ ਦਾ ਇਕ ਲੁਟੇਰਾ ਉਨ੍ਹਾਂ ਦੀ ਦੁਕਾਨ 'ਤੇ ਹਥਿਆਰ ਲੈ ਕੇ ਆਇਆ। ਉਸ ਸਮੇਂ ਦੋ ਗਾਹਕ ਵੀ ਉਥੇ ਮੌਜੂਦ ਸਨ। ਇਸ ਮਾਮਲੇ ਦੇ ਗਵਾਹ ਅਤੇ ਡਕੈਤੀ ਦੇ ਸਮੇਂ ਸਟੋਰ ਵਿੱਚ ਮੌਜੂਦ ਇੱਕ ਵਿਅਕਤੀ ਨੇ ਅਦਾਲਤ ਨੂੰ ਦੱਸਿਆ ਕਿ ਲੁਟੇਰਾ ਦੁਕਾਨ ਵਿੱਚ ਦਾਖਲ ਹੋਇਆ ਅਤੇ ਪਹਿਲਾਂ ਕੂਲਰ ਵਿੱਚੋਂ ਪਾਣੀ ਦੀ ਬੋਤਲ ਲੈ ਕੇ ਫਿਰ ਕੈਸ਼ ਰਜਿਸਟਰ 'ਤੇ ਗਿਆ। 

PunjabKesari

ਉਥੇ ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਵੱਲ ਹਥਿਆਰ ਦਾ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਸ ਕੋਲ ਜੋ ਵੀ ਨਕਦੀ ਹੈ, ਉਸ ਨੂੰ ਸੌਂਪਣ ਲਈ ਕਿਹਾ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਨਕਦੀ ਨਾ ਦਿੱਤੀ ਤਾਂ ਉਹ ਦੁਕਾਨ ਵਿੱਚ ਮੌਜੂਦ ਦੋ ਗਾਹਕਾਂ ਨੂੰ ਵੀ ਗੋਲੀ ਮਾਰ ਦੇਵੇਗਾ। ਪ੍ਰਵੀਨ ਪਟੇਲ ਨੇ ਉਸ ਨੂੰ ਆਪਣੇ ਕੈਸ਼ ਰਜਿਸਟਰ ਵਿੱਚੋਂ 200 ਡਾਲਰ ਦਿੱਤੇ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰੇ ਨੇ ਦੁਕਾਨ 'ਚ ਮੌਜੂਦ ਦੋ ਗਾਹਕਾਂ ਨੂੰ ਵੀ ਧਮਕੀਆਂ ਦਿੱਤੀਆਂ। ਹਾਲਾਂਕਿ ਜਦੋਂ ਲੁਟੇਰਾ ਨਕਦੀ ਲੈ ਕੇ ਭੱਜ ਗਿਆ ਤਾਂ ਪ੍ਰਵੀਨ ਪਟੇਲ ਨੇ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜਿਆ। ਉਦੋਂ ਹੀ ਪਾਰਕਿੰਗ 'ਚ ਦੋਵਾਂ ਵਿਚਾਲੇ ਤਕਰਾਰ ਹੋ ਗਈ। ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਨੂੰ ਗੋਲੀ ਮਾਰ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਟੈਕਸਾਸ 'ਚ ਅੱਗ ਦੀ ਤਬਾਹੀ, ਅਧਿਕਾਰੀ ਲੋਕਾਂ ਨੂੰ ਕੱਢ ਰਹੇ ਹਨ ਬਾਹਰ (ਤਸਵੀਰਾਂ)

ਪ੍ਰਵੀਨ ਪਟੇਲ 'ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਹਮਲਾਵਰ ਸਰਜੀ ਗੁਟਸੂ ਘਟਨਾ ਵਾਲੀ ਥਾਂ ਤੋਂ ਭੱਜ ਗਿਆ। ਗੋਲੀ ਲੱਗਣ ਤੋਂ ਬਾਅਦ ਪ੍ਰਵੀਨ ਪਟੇਲ ਨੂੰ ਗੰਭੀਰ ਹਾਲਤ 'ਚ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ 2 ਜੂਨ ਨੂੰ ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਤਲ ਸੁਰਜੀ ਗੁਟਸੂ ਦੇ ਉਂਗਲਾਂ ਦੇ ਨਿਸ਼ਾਨ ਉਸ ਵੱਲੋਂ ਪ੍ਰਵੀਨ ਪਟੇਲ ਦੇ ਸਟੋਰ ਤੋਂ ਲਈ ਗਈ ਪਾਣੀ ਦੀ ਬੋਤਲ 'ਤੇ ਪਾਏ, ਪਰ ਪੁਲਸ ਉਸ ਸਮੇਂ ਕਾਤਲ ਦਾ ਪਤਾ ਨਹੀਂ ਲਗਾ ਸਕੀ ਸੀ। ਪ੍ਰਵੀਨ ਪਟੇਲ ਦੇ ਕਤਲ ਤੋਂ ਇੱਕ ਸਾਲ ਬਾਅਦ, ਉਸ ਦਾ ਕਾਤਲ ਇੱਕ ਹੋਰ ਡਕੈਤੀ ਦੇ ਕੇਸ ਵਿੱਚ ਸੋਨੋਮਾ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਸੀ, ਉਦੋਂ ਹੀ ਇਹ ਪੁਸ਼ਟੀ ਹੋ ​​ਗਈ ਸੀ ਕਿ ਉਹ ਪ੍ਰਵੀਨ ਪਟੇਲ ਦੇ ਕਤਲ ਵਿੱਚ ਵੀ ਸ਼ਾਮਲ ਸੀ। ਹਾਲਾਂਕਿ ਉਸ ਸਮੇਂ ਸਰਗੀ ਗੁਟਸੂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬੀਤੇ ਦਿਨੀਂ 20 ਫਰਵਰੀ, 2024 ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਸਰਜੀ ਗੁਟਸੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪ੍ਰਵੀਨ ਪਟੇਲ ਦੇ ਕਤਲ ਸਮੇਂ ਸਰਗੀ ਗੁਟਸੂ ਸਿਰਫ 22 ਸਾਲਾਂ ਦਾ ਸੀ ਅਤੇ ਹੁਣ 31 ਸਾਲਾਂ ਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News