ਬ੍ਰਿਟੇਨ : ਵਿਦਿਆਰਥੀਆਂ ਦਾ ‘ਸ਼ੋਸ਼ਣ’ ਕਰਨ ਦੇ ਦੋਸ਼ ’ਚ 5 ਭਾਰਤੀਆਂ ਖ਼ਿਲਾਫ਼ ਅਦਾਲਤੀ ਹੁਕਮ ਜਾਰੀ
Sunday, Feb 12, 2023 - 10:10 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਵਿਦਿਆਰਥੀਆਂ ਨੂੰ ਮਦਦ ਅਤੇ ਸਲਾਹ ਲਈ ਉਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਹਾਈ ਕਮਿਸ਼ਨ ਦੀ ਅਪੀਲ ਇਸ ਡਰ ਦੇ ਵਿਚਕਾਰ ਆਈ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ 50 ਤੋਂ ਵੱਧ ਨੌਰਥ ਵੇਲਜ਼ ਵਿੱਚ ਭਾਰਤੀ ਮੂਲ ਦੇ 5 ਵਿਅਕਤੀਆਂ ਵੱਲੋਂ ਚਲਾਏ ਜਾ ਰਹੇ ਦੇਖ਼ਭਾਲ ਕੇਂਦਰਾਂ ਵਿੱਚ ਕੰਮ ਕਰਦੇ ਹੋਏ ਆਧੁਨਿਕ ਗੁਲਾਮੀ ਵਿੱਚ ਫਸ ਗਏ ਹੋਣ।
ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ ਤੇ ਸੀਰੀਆ ’ਚ 6ਵਾਂ ਦਿਨ; ਅਜੇ ਵੀ ਮਲਬੇ 'ਚ ਦੱਬੇ ਮਿਲ ਰਹੇ ਹਨ ਜਿੰਦਾ ਲੋਕ
ਯੂਕੇ ਸਰਕਾਰ ਦੀ ਇੱਕ ਖੁਫੀਆ ਅਤੇ ਮਜ਼ਦੂਰ ਦੁਰਵਿਵਹਾਰ ਜਾਂਚ ਏਜੰਸੀ 'ਗੈਂਗਮਾਸਟਰਸ ਐਂਡ ਲੇਬਰ ਅਬਿਊਜ਼ ਅਥਾਰਟੀ' (GLAA) ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਿਪੋਰਟ ਦਿੱਤੀ ਸੀ ਕਿ ਉਹ 5 ਵਿਅਕਤੀਆਂ ਦੇ ਖ਼ਿਲਾਫ਼ ਮਜ਼ਦੂਰੀ ਦੁਰਵਿਵਹਾਰ ਲਈ ਅਦਾਲਤੀ ਆਦੇਸ਼ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਗਈ ਹੈ। ਜੀ.ਐੱਲ.ਏ.ਏ. ਨੇ ਕਿਹਾ ਕਿ ਉਸ ਨੇ ਮਾਮਲੇ ਦੇ ਸਬੰਧ ਵਿੱਚ "ਪਿਛਲੇ 14 ਮਹੀਨਿਆਂ ਵਿੱਚ 50 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਆਧੁਨਿਕ ਗੁਲਾਮੀ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਦੇ ਸੰਭਾਵਿਤ ਸ਼ਿਕਾਰ ਵਜੋਂ ਪਛਾਣਿਆ ਹੈ।"
ਹਾਈ ਕਮਿਸ਼ਨ ਨੇ ਟਵੀਟ ਕੀਤਾ, “ਅਸੀਂ ਇਸ ਸਬੰਧ ਵਿੱਚ ਖ਼ਬਰਾਂ ਤੋਂ ਚਿੰਤਤ ਹਾਂ। ਜਿਨ੍ਹਾਂ ਭਾਰਤੀ ਵਿਦਿਆਰਥੀ ਨੇ ਇਸ ਦਾ ਸਾਹਮਣਾ ਕੀਤਾ ਹੈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਨ ਅਤੇ ਅਸੀਂ ਸਹਾਇਤਾ/ਕਾਊਂਸਲਿੰਗ ਪ੍ਰਦਾਨ ਕਰਾਂਗੇ। ਅਸੀਂ ਤੁਹਾਨੂੰ ਤੁਹਾਡੇ ਜਵਾਬ ਵਿੱਚ ਗੁਪਤਤਾ ਦਾ ਭਰੋਸਾ ਦਿਵਾਉਂਦੇ ਹਾਂ।" 5 ਵਿਅਕਤੀਆਂ - ਮੈਥਿਊ ਇਸਾਕ (32), ਜੀਨੂ ਚੈਰਿਅਨ (30), ਐਲਡਹੋਜ ਚੈਰਿਅਨ (25), ਐਲਡਹੋਜ ਕੁਰਿਆਚਨ (25) ਅਤੇ ਜੈਕਬ ਲੀਜੂ (47) 'ਤੇ ਨੌਰਧ ਵੇਲਜ਼ ਵਿੱਚ ਦੇਖ਼ਭਾਲ ਕੇਂਦਰਾਂ ਵਿਚ ਕੰਮ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਰਤੀ ਕਰਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਸ਼ੱਕ ਹੈ। ਮੂਲ ਰੂਪ ਵਿੱਚ ਕੇਰਲਾ ਦੇ ਰਹਿਣ ਵਾਲੇ ਇਨ੍ਹਾਂ ਪੰਜ ਵਿਅਕਤੀਆਂ ਨੂੰ ਦਸੰਬਰ 2021 ਅਤੇ ਮਈ 2022 ਦੇ ਵਿਚਕਾਰ GLAA ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ