ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ
Friday, Nov 06, 2020 - 10:23 AM (IST)
ਵਾਸ਼ਿੰਗਟਨ : ਹਾਲ ਦੇ ਮਹੀਨਿਆਂ 'ਚ ਕੀਤੇ ਗਏ ਅਧਿਐਨ 'ਚ ਪਤਾ ਲੱਗਾ ਹੈ ਕਿ ਖੰਘ ਹੋਣ 'ਤੇ ਕੱਫ ਦੀ ਇਕ ਬੂੰਦ ਹਵਾ 'ਚ 2 ਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ 6.6 ਮੀਟਰ ਤੱਕ ਦੀ ਯਾਤਰਾ ਕਰ ਸਕਦੀ ਹੈ। ਸਗੋਂ ਹਵਾ ਸੁੱਕੀ ਹੋਣ 'ਤੇ ਇਸ ਤੋਂ ਵੀ ਜ਼ਿਆਦਾ ਦੂਰ ਤੱਕ ਯਾਤਰਾ ਕਰ ਸਕਦੀ ਹੈ। ਸਿੰਗਾਪੁਰ ਦੇ ਖੋਜਕਾਰਾਂ ਨੇ ਵਾਇਰਸ ਟਰਾਂਸਮਿਸ਼ਨ ਨੂੰ ਸਮਝਣ ਲਈ ਤਰਲ ਭੌਤਿਕੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕੀਤਾ। 'ਫਿਜ਼ੀਕਸ ਆਫ਼ ਫਲੁਈਡਸ' ਨਾਂ ਦੇ ਜਨਰਲ 'ਚ ਪ੍ਰਕਾਸ਼ਿਤ ਪੇਪਰ 'ਚ ਛੋਟੀ ਜਿਹੀ ਬੂੰਦ ਦੇ ਫੈਲਾਅ 'ਤੇ ਸਿਮੁਲੇਸ਼ਨ ਰਾਹੀਂ ਅਧਿਐਨ ਕੀਤਾ।
ਅਧਿਐਨ ਦੇ ਲੇਖਕ ਫੋਂਗ ਯੇਵ ਲਿਯੋਂਗ ਨੇ ਕਿਹਾ ਕਿ ਮਾਸਕ ਲਾਉਣ ਤੋਂ ਇਲਾਵਾ, ਅਸੀਂ ਸਮਾਜਕ ਦੂਰੀ ਨੂੰ ਪ੍ਰਭਾਵੀ ਪਾਇਆ ਹੈ, ਕਿਉਂਕਿ ਖੰਘ ਦੌਰਾਨ ਵਿਅਕਤੀ ਦੇ ਮੂੰਹ ਤੋਂ ਨਿਕਲੀ ਛੋਟੀ ਬੂੰਦ ਦਾ ਅਸਰ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ 'ਤੇ ਖੜ੍ਹੇ ਵਿਅਕਤੀ 'ਤੇ ਘੱਟ ਹੁੰਦਾ ਹੈ। ਇਕ ਵਾਰ ਖੰਘਣ 'ਤੇ ਵੱਡੀ ਸੀਮਾ 'ਚ ਹਜ਼ਾਰਾਂ ਬੂੰਦਾਂ ਪੈਦਾ ਹੁੰਦੀਆਂ ਹਨ।
ਵਿਗਿਆਨੀਆਂ ਨੂੰ ਗਰੈਵੀਟੇਸ਼ਨਲ ਬਲ ਕਾਰਣ ਜ਼ਮੀਨ 'ਤੇ ਵੱਡੀਆਂ-ਵੱਡੀਆਂ ਬੂੰਦਾਂ ਪਈਆਂ ਮਿਲੀਆਂ, ਪਰ ਖੰਘਣ 'ਤੇ ਬਿਨਾਂ ਹਵਾ ਦੇ ਵੀ ਬੂੰਦਾਂ ਇਕ ਮੀਟਰ ਤੱਕ ਗਈਆਂ। ਦਰਅਸਲ, ਮਧਮ ਆਕਾਰ ਦੀਆਂ ਬੂੰਦਾਂ 'ਚ ਭਾਫ ਹੋ ਸਕਦੀ ਹੈ, ਜੋ ਹਲਕੀ ਹੋਣ ਕਾਰਣ ਆਸਾਨੀ ਨਾਲ ਹੋਰ ਅੱਗੇ ਦੀ ਯਾਤਰਾ ਕਰਦੀ ਹੈ ਅਤੇ ਵਾਇਰਲ ਦੇ ਫੈਲਣ ਦਾ ਖਤਰਾ ਪ੍ਰਭਾਵੀ ਰੂਪ ਨਾਲ ਵਧ ਜਾਂਦਾ ਹੈ।