ਭ੍ਰਿਸ਼ਟ ਨੇਤਾ ਜਾਣਗੇ ਜੇਲ : ਪਾਕਿਸਤਾਨੀ ਪ੍ਰਧਾਨ ਮੰਤਰੀ
Thursday, Oct 25, 2018 - 03:36 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ ਦੇ ਭ੍ਰਿਸ਼ਟ ਨੇਤਾ ਹੁਣ ਜੇਲ ਜਾਣਗੇ ਅਤੇ ਮੁਲਕ ਨੂੰ ਕਰਜ਼ੇ ਦੇ ਭਾਰ ਹੇਠ ਲਿਆਉਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਹੁਣ ਪੁਰਾਣੇ ਪੈ ਚੁੱਕੇ ਰਾਸ਼ਟਰੀ ਮੇਲ-ਮਿਲਾਪ ਆਰਡੀਨੈਂਸ (ਐਨ.ਆਰ.ਓ.) ਵਰਗੇ ਕਿਸੇ ਕਾਨੂੰਨ ਤੋਂ ਰਾਹਤ ਨਹੀਂ ਮਿਲੇਗੀ। ਇਹ ਵਿਵਾਦਤ ਆਰਡੀਨੈਂਸ ਅਕਤੂਬਰ 2007 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੀ ਸਰਕਾਰ ਨੇ ਲਾਗੂ ਕੀਤਾ ਸੀ ਅਤੇ ਇਸ ਦੇ ਤਹਿਤ ਸਿਆਸੀ ਲੋਕਾਂ ਵਿਰੁੱਧ ਮਾਮਲਿਆਂ ਨੂੰ ਖਤਮ ਕਰ ਦਿੱਤਾ ਗਿਆ ਸੀ। ਦੋ ਸਾਲ ਬਾਅਦ 2009 ਵਿਚ ਸੁਪਰੀਮ ਕੋਰਟ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ।
ਖਾਨ ਬੁੱਧਵਾਰ ਨੂੰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਨਕਦੀ ਦੀ ਸਮੱਸਿਆ ਨਾਲ ਜੂਝ ਰਹੇ ਪਾਕਿਸਤਾਨ ਨੂੰ ਵਿੱਤੀ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਲਈ ਅਪਣਾਈਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਨੇ ਦੇਸ਼ ਦੀ ਪਹਿਲੀਆਂ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਉਹ ਮੁਲਕ ਨੂੰ 30 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਫਸਾ ਗਏ ਹਨ। ਸਥਾਨਕ ਮੀਡੀਆ ਮੁਤਾਬਕ ਇਮਰਾਨ ਖਾਨ ਨੇ ਕਿਹਾ ਕਿ ਉਹ ਸਾਡੇ ਕੋਲੋਂ ਐਨ.ਆਰ.ਓ. ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਕੰਨ ਖੋਲ੍ਹ ਕੇ ਸੁਣੋ ਹੁਣ ਕਿਸੇ ਨੂੰ ਐਨ.ਆਰ.ਓ. ਨਹੀਂ ਮਿਲੇਗਾ। ਕਿਸੇ ਵੀ ਭ੍ਰਿਸ਼ਟ ਇਨਸਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਦੇਸ਼ ਨੇ ਉਨ੍ਹਾਂ ਨੂੰ ਇਸ ਵਾਅਦੇ 'ਤੇ ਚੁਣਿਆ ਹੈ ਕਿ ਉਹ ਭ੍ਰਿਸ਼ਟ ਲੋਕਾਂ ਨੂੰ ਸੀਖਾਂ ਪਿੱਛੇ ਭੇਜਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੁਲਕ ਤੋਂ ਭ੍ਰਿਸ਼ਟਾਚਾਰ ਦਾ ਸਮੂਲ ਨਾਸ਼ ਨਹੀਂ ਹੋ ਜਾਂਦਾ ਉਦੋਂ ਤੱਕ ਦੇਸ਼ ਦਾ ਕੋਈ ਭਵਿੱਖ ਨਹੀਂ ਹੈ।