ਵਿਸ਼ਵ ਭਰ ''ਚ ਕੋਰੋਨਾ ਕਾਰਨ ਮਚੀ ਹਫੜਾ-ਦਫੜੀ ਵਿਚਕਾਰ ਟਰੰਪ ਦਾ ਵੱਡਾ ਬਿਆਨ
Saturday, Apr 04, 2020 - 10:42 AM (IST)

ਵਾਸ਼ਿੰਗਟਨ : ਵਿਸ਼ਵ ਭਰ 'ਚ ਕੋਰੋਨਾ ਕਾਰਨ ਮਚੀ ਹਫੜਾ-ਦਫੜੀ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਕਈ ਦੇਸ਼ਾਂ ਵਿਚ ਲਾਕਡਾਊਨ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ, ਉੱਥੇ ਹੀ ਟਰੰਪ ਨੇ ਕਿਹਾ ਹੈ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਆਪਣੇ ਤੈਅ ਸਮੇਂ 3 ਨਵੰਬਰ ਨੂੰ ਹੀ ਹੋਣਗੀਆਂ। ਟਰੰਪ ਨੇ ਇਹ ਬਿਆਨ ਉਸ ਵਕਤ ਦਿੱਤਾ ਹੈ ਜਦੋਂ ਕੋਰੋਨਾ ਕਾਰਨ ਕਈ ਸੂਬਿਆਂ ਨੇ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ।
ਡੈਮੋਕ੍ਰੇਟਿਕ ਪਾਰਟੀ ਨੇ ਵੀ ਇਸ ਮਹਾਂਮਾਰੀ ਕਾਰਨ ਜੁਲਾਈ ਤੇ ਅਗਸਤ ਵਿਚਕਾਰ ਹੋਣ ਵਾਲੇ ਨਾਮਜ਼ਦਗੀ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 7,141 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾਂ ਦੀ ਗਿਣਤੀ 2,76,995 ‘ਤੇ ਪੁੱਜ ਗਈ ਹੈ।
ਵਿਰੋਧੀ ਧਿਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੇ ਜਾਣ 'ਤੇ ਵਿਚਾਰ ਕਰਨਾ ਚਾਹੀਦਾ ਹੈ, ਤਾਂ ਕਿ ਕੋਰੋਨਾ ਦਾ ਖਤਰਾ ਨਾ ਹੋਵੇ। ਹਾਲਾਂਕਿ ਟਰੰਪ ਨੇ ਕਿਹਾ ਕਿ ਇਸ ਨਾਲ ਚੋਣਾਂ ਵਿਚ ਗੜਬੜੀ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਬੂਥ 'ਤੇ ਹੀ ਵੋਟ ਪਾਉਣ ਲਈ ਜਾਣਾ ਚਾਹੀਦਾ ਹੈ, ਤਾਂ ਜੋ ਯਕੀਨੀ ਹੋ ਸਕੇ ਕਿ ਵੋਟ ਉਨ੍ਹਾਂ ਖੁਦ ਹੀ ਪਾਈ ਹੈ।
ਇਸ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਫਰੰਟ ਰਨਰ, ਜੋਅ ਬਿਡੇਨ ਨੇ ਕਿਹਾ ਸੀ ਕਿ ਸਾਰੇ ਸੂਬਿਆਂ ਨੂੰ ਮਹਾਂਮਾਰੀ ਫੈਲਣ ਵਿਚਕਾਰ ਡਾਕ ਰਾਹੀਂ ਵੋਟ ਪਾਉਣ ਦੀ ਸੰਭਾਵਨਾ ਲਈ ਤਿਆਰੀ ਰਹਿਣਾ ਚਾਹੀਦਾ ਹੈ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਵੋਟ ਪਾਉਣ ਵਿਚ ਗੜਬੜੀ ਕਰ ਸਕਦੇ ਹਨ ਅਤੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਬੂਥ 'ਤੇ ਹੀ ਜਾਣਾ ਚਾਹੀਦਾ ਹੈ।