ਕੋਰੋਨਾਵਾਇਰਸ: ਅਮਰੀਕਾ ਦੇ ਇਸ ਸੂਬੇ ਦੇ 13 ਮਿਲੀਅਨ ਲੋਕਾਂ ਨੂੰ ਘਰ ਰਹਿਣ ਦਾ ਹੁਕਮ ਜਾਰੀ
Saturday, Mar 21, 2020 - 12:30 PM (IST)

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਦੇ ਇਲੀਨੋਇਸ ਦੇ ਰਾਜਪਾਲ ਨੇ ਸ਼ੁੱਕਰਵਾਰ ਨੂੰ ਸਟੇਅ-ਐਟ-ਹੋਮ-ਆਰਡਰ ਜਾਰੀ ਕੀਤਾ, ਜਿਸ ਨਾਲ ਨਵੇਂ ਕੋਰੋਨਾਵਾਇਰਸ ਦੇ ਫੈਲਣ ਵਿਰੁੱਧ ਲੜਾਈ ਵਿਚ ਇਹ ਸੂਬਾ ਵੀ ਸ਼ਾਮਲ ਹੋ ਗਿਆ ਹੈ। ਕੈਲੀਫੋਰਨੀਆ ਨੇ ਵੀ ਲੰਘੇਂ ਵੀਰਵਾਰ ਨੂੰ ਸਟੇਅ-ਐਟ-ਹੋਮ ਆਰਡਰ ਜਾਰੀ ਕੀਤਾ ਅਤੇ ਨਿਊਯਾਰਕ ਦੇ ਰਾਜਪਾਲ ਨੇ ਵੀ ਆਦੇਸ਼ ਦਿੱਤਾ ਕਿ ਸਾਰੇ ਲੋਕ ਆਪਣੇ ਘਰ ਵਿਚ ਹੀ ਰਹਿਣ।
ਪੈਨਸਿਲਵੇਨੀਆ ਦੇ ਰਾਜਪਾਲ ਨੇ ਇਹ ਵੀ ਉਹ ਸਾਰੇ ਕਾਰੋਬਾਰ ਜੋ ਜੀਵਨ-ਨਿਰੰਤਰ ਵਿਚ ਸਹਾਈ ਨਹੀਂ ਹਨ, ਉਹ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਲੀਨੋਇਸ ਦੇ ਗਵਰਨਰ ਜੇ. ਬੀ. ਪ੍ਰੀਜ਼ਕਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਆਪਣੇ ਸੂਬੇ ਲਈ ਇਸ ਫ਼ੈਸਲੇ ਦਾ ਐਲਾਨ ਕੀਤਾ ਹੈ। ਗਵਰਨਰ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਜਾਣਦਾ ਹਾਂ ਕਿ ਕੁਝ ਮਾਮਲਿਆਂ ਵਿਚ ਮੈਂ ਲੋਕਾਂ ਦੀ ਜਾਨ ਬਚਾਉਣ ਅਤੇ ਲੋਕਾਂ ਦੀ ਰੋਜ਼ੀ-ਰੋਟੀ ਬਚਾਉਣ ਦੇ ਵਿਚਕਾਰ ਇਸ ਫੈਸਲੇ ਦਾ ਐਲਾਨ ਕਰ ਰਿਹਾ ਹਾਂ। ਪਰ ਤੁਸੀਂ ਰੋਜ਼ੀ-ਰੋਟੀ ਕਮਾਉਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਬਚਾਓ। ਪ੍ਰਿਟਜ਼ਕਰ ਨੇ ਕਿਹਾ ਕਿ ਵਸਨੀਕ ਭੋਜਨ ਖਰੀਦਣ, ਫਾਰਮੇਸੀ ਵਿਚ ਦਵਾਈ ਖਰੀਦਣ ਜਿਹੇ ਆਮ ਕੰਮ ਕਰਨ ਲਈ ਘਰੋਂ ਬਾਹਰ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸਟੇਅ-ਐਟ-ਹੋਮ ਆਰਡਰ ਦਾ ਟੀਚਾ ਲੋਕਾਂ ਲਈ ਸਮਾਜਕ ਦੂਰੀ ਬਣਾਈ ਰੱਖਣਾ ਹੈ ਅਤੇ ਉਨ੍ਹਾਂ ਲਈ ਜੋ ਪਹਿਲਾਂ ਹੀ ਸਾਵਧਾਨੀ ਵਰਤ ਰਹੇ ਹਨ ਲਗਾਤਾਰ ਵਰਤਣ।
ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਨੇ ਕਮਿਊਨਿਟੀ ਨੂੰ ਇਹ ਆਦੇਸ਼ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਇਹ ਸਾਡੇ ਸ਼ਹਿਰ ਅਤੇ ਸਾਡੇ ਸੂਬੇ ਨੂੰ ਬਚਾਉਣ ਲਈ ਬ੍ਰੇਕ ਦਾ ਪਲ ਹੈ। ਰਾਜਪਾਲ ਨੇ ਕਿਹਾ ਕਿ ਇਹ ਹੁਕਮ ਸ਼ਨੀਵਾਰ ਸ਼ਾਮ ਨੂੰ ਪ੍ਰਭਾਵੀ ਹੋਣ ਦੀ ਉਮੀਦ ਹੈ ਅਤੇ 7 ਅਪ੍ਰੈਲ ਤੱਕ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਇਲੀਨੋਇਸ ਚ’ ਲਗਭਗ 13 ਮਿਲੀਅਨ ਦੀ ਆਬਾਦੀ ਰਹਿੰਦੀ ਹੈ। ਸ਼ੁੱਕਰਵਾਰ ਸ਼ਾਮ ਇਥੇ 585 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਪੰਜ ਲੋਕਾਂ ਦੀ ਮੌਤ ਦੀ ਵੀ ਖਬਰ ਹੈ।