ਮੈਕਸੀਕੋ ''ਚ ਕੋਰੋਨਾ ਦੇ ਵੱਧ ਰਹੇ ਮਾਮਲੇ ਪਰ ਬਾਜ਼ਾਰ ਮੁੜ ਖੋਲ੍ਹਣ ਦੀ ਹੋ ਰਹੀ ਤਿਆਰੀ
Saturday, Jun 13, 2020 - 11:05 AM (IST)
ਮੈਕਸੀਕੋ ਸਿਟੀ- ਮੈਕਸੀਕੋ ਨੇ ਅਗਲੇ ਹਫਤੇ ਤੋਂ ਦੇਸ਼ ਦੇ ਅੱਧੇ ਹਿੱਸੇ ਵਿਚ ਕਾਰੋਬਾਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਰੀਕ ਨਿਰਧਾਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਦਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਵਿਚ ਸ਼ੁੱਕਰਵਾਰ ਨੂੰ ਰਿਕਾਰਡ 5,222 ਮਾਮਲੇ ਸਾਹਮਣੇ ਆਏ ਹਨ ਤੇ 504 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਵਾਇਰਸ ਦੇ ਕੁੱਲ ਮਾਮਲੇ ਹੁਣ 1,39,196 ਹੋ ਗਏ ਹਨ ਤੇ ਮ੍ਰਿਤਕਾਂ ਦੀ ਗਿਣਤੀ 16,450 ਹੋ ਗਈ ਹੈ। ਦੋਹਾਂ ਹੀ ਅੰਕੜਿਆਂ ਨੂੰ ਸੀਮਤ ਜਾਂਚ ਕਾਰਨ ਕਾਫੀ ਘੱਟ ਮੰਨਿਆ ਜਾ ਰਿਹਾ ਹੈ।
ਸੰਘੀ ਸਰਕਾਰ ਨੇ ਘੋਸ਼ਣਾ ਕੀਤੀ ਕਿ ਸੋਮਵਾਰ ਤੋਂ ਸ਼ੁਰੂ ਕਰਦੇ ਹੋਏ ਮੈਕਸੀਕੋ ਦੇ 32 ਵਿਚੋਂ ਅੱਧੇ ਸੂਬੇ ਹੋਟਲ ਤੇ ਰੈਸਟੋਰੈਂਟਾਂ ਨੂੰ ਸੀਮਤ ਤਰੀਕੇ ਨਾਲ ਫਿਰ ਤੋਂ ਖੋਲ੍ਹ ਸਕਣਗੇ ਅਤੇ ਬਾਜ਼ਾਰ ਵੱਡੇ ਪੈਮਾਨੇ 'ਤੇ ਫਿਰ ਤੋਂ ਖੁੱਲ੍ਹ ਸਕਣਗੇ। ਉਦਾਹਰਣ ਲਈ ਫੈਕਟਰੀਆਂ ਅਤੇ ਹੋਟਲ ਸੁਰੱਖਿਆਤਮਕ ਕਦਮ ਚੁੱਕਦੇ ਹੋਏ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਇਹ ਯੋਜਨਾ ਚਾਰ ਰੰਗਾਂ ਦੇ ਪੱਧਰ 'ਤੇ ਆਧਾਰਿਤ ਹੋਵੇਗੀ, ਜਿਸ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਸੂਬਿਆਂ ਨੂੰ ਲਾਲ ਰੰਗ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਵਿਚ ਸੁਧਾਰ ਹੋ ਰਿਹਾ ਹੈ, ਉਨ੍ਹਾਂ ਨੂੰ ਸੰਤਰੀ ਰੰਗ ਦਿੱਤਾ ਗਿਆ ਹੈ।
ਸਥਿਤੀਆਂ ਵਿਚ ਸੁਧਾਰ ਹੋਣ 'ਤੇ ਇਨ੍ਹਾਂ ਸੂਬਿਆਂ ਨੂੰ ਹੌਲੀ-ਹੌਲੀ ਪੀਲਾ ਤੇ ਹਰਾ ਰੰਗ ਦਿੱਤਾ ਜਾਵੇਗਾ। ਜਿਨ੍ਹਾਂ ਸੂਬਿਆਂ ਨੂੰ ਦੋਬਾਰਾ ਖੋਲ੍ਹਿਆ ਜਾ ਰਿਹਾ ਹੈ ਉਨ੍ਹਾਂ ਵਿਚ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਦਰ ਘੱਟ ਰਹੀ ਹੈ, ਵਾਇਰਸ ਦੀ ਦਰ ਘੱਟ ਹੈ ਅਤੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਉਪਲੱਬਧਤਾ ਸਵਿਕਾਰ ਅਨੁਪਾਤ ਵਿਚ ਹੈ। ਮੈਕਸੀਕੋ ਸਿਟੀ ਹੁਣ ਤੱਕ ਦੇਸ਼ ਦਾ ਸਭ ਤੋਂ ਪ੍ਰਭਾਵਿਤ ਹਿੱਸਾ ਰਿਹਾ ਹੈ ਅਤੇ ਇਸ ਲਈ ਇਸ ਨੂੰ ਦੋਬਾਰਾ ਖੋਲ੍ਹ੍ਣ ਜਾਣ ਵਾਲੇ ਸੂਬਿਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਪਰ ਸ਼ਹਿਰ ਦੀ ਸਰਕਾਰ ਨੇ ਮੁੜ ਸ਼ੁਰੂਆਤ ਦੀ ਆਪਣੀ ਯੋਜਨਾ ਦੀ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਜੋ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ।