ਆਸਟ੍ਰੇਲੀਆ : 14 ਲੋਕ ਆਏ ਕੋਰੋਨਾ ਵਾਇਰਸ ਦੀ ਲਪੇਟ ''ਚ
Wednesday, Feb 05, 2020 - 03:49 PM (IST)

ਕੁਈਨਜ਼ਲੈਂਡ— ਚੀਨ ਤੋਂ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਹੁਣ ਤਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ 'ਚ ਵੀ ਇਸ ਨੇ ਪੈਰ ਪਸਾਰ ਲਏ ਹਨ ਤੇ ਹੁਣ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਣ ਨਾਲ ਪੀੜਤਾਂ ਦੀ ਗਿਣਤੀ 14 ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਕੁਈਨਜ਼ਲੈਂਡ 'ਚ ਇਕ 37 ਸਾਲਾ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕਾ ਹੈ। ਕੁਈਨਜ਼ਲੈਂਡ 'ਚ ਇਹ ਚੌਥਾ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਹੈ ਜਦਕਿ ਆਸਟ੍ਰੇਲੀਆ 'ਚ ਇਹ 14ਵਾਂ ਮਾਮਲਾ ਹੈ।
8 ਸਾਲਾ ਬੱਚੇ, 44 ਸਾਲਾ ਵਿਅਕਤੀ ਅਤੇ 42 ਸਾਲਾ ਔਰਤ ਸਣੇ ਕੁੱਲ 14 ਲੋਕ ਕੋਰੋਨਾ ਵਾਇਰਸ ਕਾਰਨ ਪੀੜਤ ਹਨ। ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਗੋਲਡ ਕੋਸਟ ਯੂਨੀਵਰਸਿਟੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ 4, ਵਿਕਟੋਰੀਆ 'ਚ 4, ਸਾਊਥ ਆਸਟ੍ਰੇਲੀਆ 'ਚ 2 ਅਤੇ ਕੁਈਨਜ਼ਲੈਂਡ 'ਚ 4 ਮਰੀਜ਼ਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਣ ਨਾਲ ਲੋਕ ਡਰ ਗਏ ਹਨ।
ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਸਰਕਾਰ ਨੇ ਚੀਨੀ ਲੋਕਾਂ ਦੇ ਦੇਸ਼ 'ਚ ਦਾਖਲ ਹੋਣ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਿੰਨਾ ਹੋ ਸਕਣ ਆਪਣੇ ਘਰਾਂ 'ਚ ਰਹਿਣ ਤੇ ਵਿਦੇਸ਼ ਯਾਤਰਾ ਤੋਂ ਬਚ ਕੇ ਰਹਿਣ।