ਕੋਰੋਨਾਵਾਇਰਸ: ਇਟਲੀ ਸਰਕਾਰ ਨਹੀਂ ਲੈ ਰਹੀ ਗਲਤੀਆਂ ਤੋਂ ਸਬਕ

Sunday, Mar 22, 2020 - 08:21 PM (IST)

ਕੋਰੋਨਾਵਾਇਰਸ: ਇਟਲੀ ਸਰਕਾਰ ਨਹੀਂ ਲੈ ਰਹੀ ਗਲਤੀਆਂ ਤੋਂ ਸਬਕ

ਮਿਲਾਨ(ਇਟਲੀ)(ਸਾਬੀ ਚੀਨੀਆ)- ਚਾਰ ਹਫਤੇ ਪਹਿਲਾਂ ਕੋਰੋਨਾਵਾਇਰਸ ਦੀ ਮਾਰ ਹੇਠ ਆਇਆ ਛੋਟਾ ਜਿਹਾ ਦੇਸ਼ ਇਟਲੀ ਪਿਛਲੇ 10 ਦਿਨਾਂ ਵਿਚ 5,000 ਤੋਂ ਵੱਧ ਲੋਕਾਂ ਦੀਆਂ ਜਾਨਾਂ ਅਤੇ ਅਰਬਾਂ ਯੂਰੋ ਦਾ ਮਾਲੀ ਨੁਕਸਾਨ ਝੱਲਣ ਦੇ ਬਾਵਜੂਦ ਵੀ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਲੈ ਰਿਹਾ। ਇਹੋ ਹੀ ਕੁਝ ਆਖ ਰਹੇ ਨੇ ਸਥਾਨਕ ਨਾਗਰਿਕ ਅਤੇ ਬੁੱਧਜੀਵੀ ਵਰਗ ਦੇ ਲੋਕ।

ਸਰਕਾਰ ਦੁਆਰਾ ਤਿੰਨ ਹਫਤੇ ਪਹਿਲਾਂ ਕੈਫੇ ਬਾਰ, ਹੋਟਲ, ਸੈਰ-ਸਪਾਟਾ ਅਤੇ ਹੋਰ ਕਈ ਅਦਾਰੇ ਬੰਦ ਕੀਤੇ ਜਾ ਚੁੱਕੇ ਸਨ ਪਰ ਮਾਮਲਾ ਜਿਉਂ ਦਾ ਤਿਉਂ ਹੀ ਹੈ ਅਤੇ ਮੌਤਾਂ ਲਗਾਤਾਰ ਵਧ ਰਹੀਆਂ ਨੇ। ਸ਼ਨੀਵਾਰ ਸ਼ਾਮ ਨੂੰ ਦਿੱਤੇ ਭਾਵੁਕ ਭਾਸ਼ਣ ਵਿਚ ਪ੍ਰਧਾਨ ਮੰਤਰੀ ਜੁਸੈਪੇ ਕੌਤੇ ਨੇ ਕਿਹਾ ਕਿ ਉਹ ਆਪਣੀ ਪੂਰੀ ਤਾਕਤ ਲਾ ਰਹੇ ਹਨ ਪਰ ਨਤੀਜੇ ਆਸ ਦੇ ਬਿਲਕੁਲ ਉਲਟ ਆ ਰਹੇ ਹਨ। ਇਸ ਲਈ ਸਾਰੀਆਂ ਫੈਕਟਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਪਰ ਖਾਣ-ਪੀਣ ਦੇ ਸਾਮਾਨ ਨਾਲ ਸਬੰਧਤ ਸਟੋਰ, ਮੈਡੀਕਲ ਸਟੋਰ, ਦੁੱਧ ਡੇਅਰੀਆਂ, ਬੈਂਕਾਂ ਅਤੇ ਡਾਕਖਾਨੇ ਖੁੱਲ੍ਹੇ ਰਹਿਣਗੇ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵਧ ਰਹੀਆਂ ਮੌਤਾਂ ਨੂੰ ਰੋਕਣਾ ਹੈ ਤਾਂ ਮੁਕੰਮਲ ਤੌਰ ’ਤੇ ਬੰਦ ਕਰਨਾ ਪਵੇਗਾ।

ਇਸ ਗੱਲ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਮਿਲਾਨ ਦੇ ਮੇਅਰ ਨੇ ਵੀ ਬਿਆਨ ਦਿੱਤਾ ਹੈ ਕਿ 40 ਫੀਸਦੀ ਲੋਕ ਹਾਲੇ ਵੀ ਸੜਕਾਂ ’ਤੇ ਗੁੰਮ ਰਹੇ ਹਨ ਅਤੇ ਲੋਕ ਸੁਪਰ ਸਟੋਰਾਂ ਦੇ ਅੱਗੇ ਲਾਈਨਾਂ ਵਿਚ ਖੜ੍ਹੇ ਹਨ। ਜੇ ਸਰਕਾਰ ਆਪਣੇ ਲੋਕਾਂ ਦੀ ਸਲਾਮਤੀ ਚਾਹੁੰਦੀ ਹੈ ਤਾਂ ਪੂਰੇ ਦੇਸ਼ ਨੂੰ ਮੁਕੰਮਲ ਤੌਰ ’ਤੇ ਬੰਦ ਕਰਨਾ ਪਵੇਗਾ ।


author

Baljit Singh

Content Editor

Related News