ਕੋਰੋਨਾ ਨੂੰ ਲੈ ਕੇ ਮੰਡਰਾ ਰਿਹੈ ਇਹ ਖਤਰਾ, UN ਨੇ ਕਿਹਾ- ''ਬੁਰਾ ਦੌਰ ਆਉਣਾ ਬਾਕੀ''

Saturday, Apr 04, 2020 - 03:03 PM (IST)

ਕੋਰੋਨਾ ਨੂੰ ਲੈ ਕੇ ਮੰਡਰਾ ਰਿਹੈ ਇਹ ਖਤਰਾ, UN ਨੇ ਕਿਹਾ- ''ਬੁਰਾ ਦੌਰ ਆਉਣਾ ਬਾਕੀ''

ਨਿਊਯਾਰਕ : ਕੋਰੋਨਾ ਵਾਇਰਸ ਕਾਰਨ ਜਿੱਥੇ ਕਈ ਦੇਸ਼ ਲਾਕਡਾਊਨ ਹਨ, ਉੱਥੇ ਹੀ ਕੁਝ ਮੁਲਕਾਂ ਵਿਚ ਹੁਣ ਵੀ ਜਾਰੀ ਤਣਾਅ ਤੇ ਗ੍ਰਹਿ ਯੁੱਧ ਨੇ ਚਿੰਤਾ ਵਧਾ ਦਿੱਤੀ ਹੈ। ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕੋਰੋਨਾ ਵਾਇਰਸ 'ਤੇ ਇਕ ਵਾਰ ਫਿਰ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲੀਬੀਆ, ਯਮਨ, ਕੋਲੰਬੀਆ, ਸੀਰੀਆ ਵਰਗੇ ਮੁਲਕਾਂ ਵਿਚ ਹੁਣ ਵੀ ਜਾਰੀ ਅੰਦਰੂਨੀ ਸੰਕਟਾਂ, ਗ੍ਰਹਿ ਯੁੱਧ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜੇ ਬੁਰਾ ਦੌਰ ਆਉਣਾ ਬਾਕੀ ਹੈ। ਉਨ੍ਹਾਂ ਵਿਸ਼ਵ ਪੱਧਰੀ ਸੰਘਰਸ਼ ਵਿਰਾਮ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਵਿਸ਼ਵ ਭਰ 'ਚ 59 ਹਜ਼ਾਰ ਮੌਤਾਂ, USA 'ਚ 7 ਹਜ਼ਾਰ ਤੋਂ ਪਾਰ, ਜਾਣੋ ਹੋਰ ਦੇਸ਼ਾਂ ਦਾ ਹਾਲ
ਇਹ ਵੀ ਪੜ੍ਹੋ : ਵਿਸ਼ਵ ਭਰ 'ਚ ਕੋਰੋਨਾ ਕਾਰਨ ਮਚੀ ਹਫੜਾ-ਦਫੜੀ ਵਿਚਕਾਰ ਟਰੰਪ ਦਾ ਵੱਡਾ ਬਿਆਨ

ਗੁਤਾਰੇਸ ਨੇ ਚਿੰਤਾ ਜਤਾਈ ਕਿ ਕਈ ਦੇਸ਼ਾਂ ਵਿਚ ਅਜੇ ਵੀ ਗ੍ਰਹਿ ਯੁੱਧ ਚੱਲ ਰਿਹਾ ਹੈ, ਲੜਾਈਆਂ ਹੋ ਰਹੀਆਂ ਹਨ। ਇਸ ਕਾਰਨ ਕੋਰੋਨਾ ਖਿਲਾਫ ਲੜਨ ਲਈ ਜੋ ਪੂਰੀ ਤਾਕਤ ਹੈ ਉਹ ਨਹੀਂ ਲੱਗ ਰਹੀ। ਅਧਿਕਾਰੀ ਯੁੱਧ ਖੇਤਰਾਂ ਵਿਚ ਨਹੀਂ ਜਾ ਪਾ ਰਹੇ ਹਨ, ਜਿਸ ਕਾਰਨ ਯੁੱਧ ਪ੍ਰਭਾਵਿਤ ਦੇਸ਼ਾਂ ਵਿਚ ਵਾਇਰਸ ਦਾ ਖਤਰਾ ਵਧ ਰਿਹਾ ਹੈ। ਉਨ੍ਹਾਂ ਨੇ ਸੀਰੀਆ, ਲੀਬੀਆ ਤੇ ਯਮਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜੇ ਬੁਰਾ ਸਮਾਂ ਆਉਣ ਵਾਲਾ ਹੈ। ਗੁਤਾਰੇਸ ਨੇ ਕਿਹਾ ਕਿ ਉਨ੍ਹਾਂ ਨੇ 23 ਮਾਰਚ ਨੂੰ ਸ਼ਾਂਤੀ ਦੀ ਅਪੀਲ ਕੀਤੀ ਸੀ, ਜਿਸ ਦਾ ਕੁਝ ਅਸਰ ਵੀ ਹੋਇਆ ਪਰ ਕਈ ਥਾਵਾਂ 'ਤੇ ਅਜੇ ਵੀ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਵਿਰਾਮ ਦੀ ਬੇਹੱਦ ਜ਼ਰੂਰਤ ਹੈ।

ਬੰਦੂਕਾਂ ਨੂੰ ਸ਼ਾਂਤ ਕਰਨ ਦੀ ਅਪੀਲ
ਗੁਤਾਰੇਸ ਨੇ ਕਿਹਾ, ''ਇਸ ਵਾਇਰਸ ਨੇ ਦਿਖਾ ਦਿੱਤਾ ਹੈ ਕਿ ਉਹ ਕਿੰਨੀ ਆਸਾਨੀ ਨਾਲ ਸਰਹੱਦਾਂ ਨੂੰ ਪਾਰ ਕਰ ਸਕਦਾ ਹੈ ਅਤੇ ਦੇਸ਼ਾਂ ਨੂੰ ਤਬਾਹ ਕਰ ਸਕਦਾ ਹੈ।'' ਉਨ੍ਹਾਂ ਕਿਹਾ ਕਿ ਕੈਮਰੂਨ, ਸੈਂਟਰਲ ਅਫਰੀਕਾ ਦੇ ਲੋਕਤੰਤਰੀ ਦੇਸ਼, ਕੋਲੰਬੀਆ, ਲੀਬੀਆ, ਫਿਲਪੀਨਜ਼, ਦੱਖਣੀ ਸੂਡਾਨ, ਯੁਕਰੇਨ, ਸੀਰੀਆ, ਯਮਨ ਨੇ ਉਨ੍ਹਾਂ ਦੀ ਗੱਲ ਦਾ ਸਮਰਥਨ ਕੀਤਾ ਹੈ। ਯੂ. ਐੱਨ. ਦੇ ਜਨਰਲ ਸਕੱਤਰ ਨੇ ਯੁੱਧਬੰਦੀ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਵਿਸ਼ਵ ਪੱਧਰ 'ਤੇ ਸਿਆਸੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਬੰਦੂਕਾਂ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਸ਼ਾਂਤੀ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।

 


author

Lalita Mam

Content Editor

Related News