ਅਧਿਐਨ 'ਚ ਹੋਇਆ ਖੁਲਾਸਾ, ਕੋਰੋਨਾ ਵਾਇਰਸ ਦੇ 45 ਫ਼ੀਸਦੀ ਮਾਮਲੇ ਬਿਨਾਂ ਲੱਛਣਾਂ ਵਾਲੇ
Saturday, Jun 13, 2020 - 04:31 PM (IST)
ਲਾਸ ਏਂਜਲਸ (ਭਾਸ਼ਾ) : ਕੋਰੋਨਾ ਵਾਇਰਸ ਨੂੰ ਲੈ ਕੇ ਹਾਲ ਵਿਚ ਹੋਏ ਅਧਿਐਨ ਦੀ ਸਮੀਖਿਆ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਇਰਸ ਦੇ ਕਰੀਬ 45 ਫ਼ੀਸਦੀ ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਲੋਕਾਂ ਵਿਚ ਇਸ ਦੇ ਲੱਛਣ ਨਹੀਂ ਵਿਖਾਈ ਦਿੱਤੇ ਅਤੇ ਇਸ ਤਰ੍ਹਾਂ ਦੀ ਬੀਮਾਰੀ ਲੋਕਾਂ ਦੇ ਸਰੀਰ ਨੂੰ ਅੰਦਰ ਹੀ ਅੰਦਰ ਨੁਕਸਾਨ ਪਹੁੰਚਾ ਸਕਦੀ ਹੈ। ਅਮਰੀਕਾ ਦੇ ਸਕਰਿਪਸ ਰਿਸਰਚ ਟਾਂਸਲੇਸ਼ਨਲ ਇੰਸਟੀਚਿਊਟ ਦੇ ਏਰਿਕ ਟੋਪੋਲ ਸਮੇਤ ਕਈ ਵਿਗਿਆਨੀਆਂ ਨੇ ਨੋਵਲ ਕੋਰੋਨਾ ਵਾਇਰਸ ਦੇ ਬਿਨਾਂ ਲੱਛਣ ਵਾਲੇ ਮਾਮਲਿਆਂ ਦੇ ਅੰਕੜਿਆਂ ਦੀ ਸਮੀਖਿਆ ਕੀਤੀ।
'ਅਨਲਸ ਆਫ ਇੰਟਰਨਲ ਮੈਡੀਸਨ' ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਸਾਰਸ-ਸੀਓਵੀ-2 ਵਾਇਰਸ ਦੇ ਕੁੱਲ ਮਰੀਜ਼ਾਂ ਵਿਚ 40 ਤੋਂ 45 ਫ਼ੀਸਦੀ ਮਰੀਜ਼ ਬਿਨਾਂ ਕਿਸੇ ਲੱਛਣ ਵਾਲੇ ਹੋ ਸਕਦੇ ਹਨ ਅਤੇ ਇਨਫੈਕਸ਼ਨ ਨੂੰ ਫੈਲਣ ਵਿਚ ਉਨ੍ਹਾਂ ਦੀ ਭੂਮਿਕਾ ਜ਼ਿਕਰਯੋਗ ਹੈ। ਟੋਪੋਲ ਕਹਿੰਦੇ ਹਨ, 'ਵਾਇਰਸ ਦਾ ਇਸ ਤਰ੍ਹਾਂ ਨਾਲ ਫੈਲਣਾ ਇਸ ਨੂੰ ਕੰਟਰੋਲ ਕਰਨ ਦੇ ਕੰਮ ਨੂੰ ਹੋਰ ਚੁਣੌਤੀ ਭਰਪੂਰ ਬਣਾ ਦਿੰਦਾ ਹੈ।' ਉਨ੍ਹਾਂ ਕਿਹਾ, 'ਸਾਡੀ ਸਮੀਖਿਆ ਜਾਂਚ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਹੈ। ਇਹ ਸਪੱਸ਼ਟ ਹੈ ਕਿ ਬਿਨਾਂ ਲੱਛਣ ਵਾਲੇ ਵਾਇਰਸ ਦੀ ਉੱਚ ਦਰ ਨੂੰ ਵੇਖਦੇ ਹੋਏ ਸਾਨੂੰ ਆਪਣਾ ਦਾਇਰਾ ਵਧਾਉਣ ਦੀ ਜ਼ਰੂਰਤ ਹੈ ਨਹੀਂ ਤਾਂ ਵਾਇਰਸ ਸਾਨੂੰ ਚਕਮਾ ਦਿੰਦਾ ਰਹੇਗਾ।' ਸਮੀਖਿਆ ਜਾਂਚ ਅਨੁਸਾਰ ਬਿਨਾਂ ਲੱਛਣ ਵਾਲੇ ਪੀੜਤ ਮਰੀਜ਼ ਲੰਬੇ ਸਮੇਂ ਤੱਕ ਇਨਫੈਕਸ਼ਨ ਫੈਲਾ ਸਕਦੇ ਹਨ ਅਤੇ ਇਹ ਸਮਾਂ 14 ਦਿਨ ਤੋਂ ਜ਼ਿਆਦਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਬਿਨਾਂ ਲੱਛਣ ਵਾਲੇ ਪੀੜਤ ਲੋਕਾਂ ਦੀ ਵੱਡੀ ਗਿਣਤੀ 'ਤੇ ਅਧਿਐਨ ਦੀ ਜ਼ਰੂਰਤ ਹੈ।