ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੌਖਾ ਨਹੀਂ : ਡਾਕਟਰ ਫਾਊਚੀ
Tuesday, Apr 07, 2020 - 07:18 PM (IST)

ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਨੂੰ ਬਿਨਾਂ ਕਿਸੇ ਵੈਕਸੀਨ ਜਾਂ ਅਸਰਦਾਰ ਇਲਾਜ ਦੇ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਇਹ ਕਹਿਣਾ ਹੈ ਕਿ ਵ੍ਹਾਈਟ ਹਾਊਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਡਾ. ਐਂਥਨੀ ਫਾਊਚੀ ਦਾ। ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਡਾ. ਫਾਊਚੀ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਅਮਰੀਕਾ ਜਿਸ ਸਥਿਤੀ ਵਿਚ ਸੀ ਉਥੇ ਸ਼ਾਇਦ ਕਦੇ ਨਹੀਂ ਪਹੁੰਚ ਸਕੇਗਾ ਜੇਕਰ ਮਹਾਮਾਰੀ ਦਾ ਕੋਈ ਅਸਰਦਾਰ ਇਲਾਜ ਜਾਂ ਵੈਕਸੀਨ ਨਹੀਂ ਮਿਲਦਾ।
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਕੁਲ ਮਾਮਲੇ 368,241 ਹਨ ਅਤੇ ਤਕਰੀਬਨ 11 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਕਾਰੋਬਾਰ ਅਤੇ ਸਮਾਜਿਕ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਦੁਨੀਆ ਦੇ 211 ਦੇਸ਼ਾਂ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੁਨੀਆ ਭਰ ਵਿਚ 13,47,892 ਮਾਮਲੇ ਆ ਚੁੱਕੇ ਹਨ ਅਤੇ ਤਕਰੀਬਨ 75 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਆਦਾਤਰ ਦੇਸ਼ਾਂ ਨੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਲੌਕਡਾਊਨ ਐਲਾਨ ਦਿੱਤਾ ਹੈ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਚੀਜਾਂ ਪੂਰੀ ਤਰ੍ਹਾਂ ਬੰਦ ਹਨ।ਅਮਰੀਕਾ 'ਚ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਅਤੇ ਦੂਜੇ ਤਰੀਕੇ ਅਪਣਾਏ ਜਾ ਰਹੇ ਹਨ।
Dr. Fauci: "If 'back to normal' means acting like there never was a Coronavirus problem, I don't think that's going to happen until we do have a situation where you can completely protect the population."
— CSPAN (@cspan) April 6, 2020
Full video here: https://t.co/7Ym0v60MGM pic.twitter.com/xudXB1p6u7
ਅਮਰੀਕਾ 'ਚ ਬਹੁਤ ਹੀ ਭਿਆਨਕ ਹਾਲਾਤ
ਡਾ. ਐਂਥਨੀ ਫਾਊਚੀ ਦੇਸ਼ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਹਨ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਟੁਅਸ ਡਿਜ਼ੀਜ਼ ਦੇ ਡਾਇਰੈਕਟਰ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਫਾਊਚੀ ਨੇ ਕਿਹਾ ਕਿ ਉਨ੍ਹਾਂ ਤੋਂ ਇਕ ਸਵਾਲ ਪੁੱਛਿਆ ਗਿਆ ਕਿ ਕੀ ਬਿਨਾਂ ਕਿਸੇ ਵੈਕਸੀਨ ਜਾਂ ਇਲਾਜ ਦੇ ਦੇਸ਼ ਵਿਚ ਹਾਲਾਤ ਆਮ ਹੋ ਸਕਦੇ ਹਨ?
ਇਸ ਦੇ ਜਵਾਬ ਵਿਚ ਡਾ. ਫਾਊਚੀ ਨੇ ਕਿਹਾ ਕਿ ਜੇਕਰ ਸਭ ਕੁਝ ਆਮ ਹੋਣ ਦਾ ਮਤਲਬ ਹੈ ਕਿ ਕਦੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਆਈ ਹੀ ਨਹੀਂ, ਮੈਨੂੰ ਨਹੀਂ ਲੱਗਦਾ ਕਿ ਅਜਿਹਾ ਉਦੋਂ ਤੱਕ ਸੰਭਵ ਹੋ ਸਕੇਗਾ ਜਦੋਂ ਤੱਕ ਕਿ ਅਸੀਂ ਆਬਾਦੀ ਨੂੰ ਇਸ ਤੋਂ ਪੂਰੀ ਤਰ੍ਹਾਂ ਬਚਾਉਣ ਵਿਚ ਸਮਰੱਥ ਨਾ ਹੋ ਜਾਈਏ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਚੀਜਾਂ ਦੇ ਆਮ ਹੋਣ ਦੀ ਗੱਲ ਕਹਿੰਦੇ ਹਾਂ ਤਾਂ ਉਹ ਉਸ ਤੋਂ ਪੂਰੀ ਤਰ੍ਹਾਂ ਉਲਟ ਸਥਿਤੀ ਵਿਚ ਹੁੰਦੀਆਂ ਹਨ, ਜਿਸ ਵਿਚੋਂ ਅਸੀਂ ਹੁਣ ਲੰਘ ਰਹੇ ਹਾਂ ਕਿਉਂਕਿ ਅਜੇ ਅਸੀਂ ਬਹੁਤ ਬੁਰੀ ਸਥਿਤੀ ਵਿਚੋਂ ਲੰਘ ਰਹੇ ਹਾਂ।