ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਦੇ 45 ਨਵੇਂ ਮਾਮਲੇ ਆਏ ਸਾਹਮਣੇ
Thursday, Jun 11, 2020 - 01:22 PM (IST)

ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 43 ਮਾਮਲੇ ਰਾਜਧਾਨੀ ਸਿਓਲ ਅਤੇ ਉਸ ਦੇ ਨੇੜਲੇ ਖੇਤਰਾਂ ਵਿਚੋਂ ਸਾਹਮਣੇ ਆਏ ਹਨ। ਕੋਰੀਆ ਰੋਗ ਰੋਕਥਾਮ ਕੇਂਦਰ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਦੇਸ਼ ਵਿਚ ਹੁਣ ਤੱਕ ਕੁੱਲ 11,947 ਲੋਕ ਵਾਇਰਸ ਪੀੜਤ ਹੋਏ ਹਨ,ਜਿਨ੍ਹਾਂ ਵਿਚੋਂ 276 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੀ ਰਾਜਧਾਨੀ ਸਿਓਲ ਵਿਚ ਵਾਇਰਸ ਦੇ 21 ਨਵੇਂ ਮਾਮਲੇ ਆਏ ਹਨ, ਜਦਕਿ ਇਸ ਦੇ ਨੇੜਲੇ ਇੰਚੀਓਨ ਅਤੇ ਗਿਓਂਗਗੀ ਵਿਚ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਵਿਚ ਮਈ ਦੇ ਅਖੀਰ ਤੋਂ ਰੋਜ਼ਾਨਾ 30 ਤੋਂ 50 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਮਾਮਲੇ ਸੰਘਣੀ ਆਬਾਦੀ ਵਾਲੇ ਸਿਓਲ ਵਿਚੋਂ ਸਾਹਮਣੇ ਆਏ ਹਨ। ਵਾਇਰਸ ਵਿਚ ਲਗਾਤਾਰ ਵਾਧੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾਣ ਦੇ ਬਾਵਜੂਦ ਸਰਕਾਰੀ ਅਧਿਕਾਰੀ ਸਮਾਜਕ ਦੂਰੀ ਸਬੰਧੀ ਸਖਤ ਨਿਯਮ ਮੁੜ ਲਾਗੂ ਕਰਨ ਤੋਂ ਬਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਰਥ ਵਿਵਸਥਾ ਨੂੰ ਨੁਕਸਾਨ ਹੋਵੇਗਾ।
ਕੇ. ਸੀ. ਡੀ. ਸੀ. ਨਿਰਦੇਸ਼ਕ ਜੁੰਗ ਇਉਨ ਕਿਓਂਗ ਨੇ ਕਿਹਾ ਕਿ ਉਹ ਵਾਇਰਸ ਦੇ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਰਾਜਧਾਨੀ ਖੇਤਰ ਵਿਚ ਵਾਇਰਸ ਫੈਲਣ ਦੀ ਲੜੀ ਲਗਾਤਾਰ ਵੱਧ ਰਹੀ ਹੈ। ਜੇਕਰ ਅਸੀਂ ਇਨ੍ਹਾਂ ਲੜੀਆਂ ਨੂੰ ਤੋੜ ਨਾ ਸਕੇ ਤਾਂ ਅਸੀਂ ਇਸ ਨੂੰ ਵਿਆਪਕ ਪੱਧਰ 'ਤੇ ਫੈਲਣ ਤੋਂ ਰੋਕ ਨਹੀਂ ਸਕਦੇ।