ਅਮਰੀਕਾ ’ਚ 100 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰਾਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

Friday, Sep 10, 2021 - 06:27 PM (IST)

ਅਮਰੀਕਾ ’ਚ 100 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰਾਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਵਧ ਰਹੀ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਕੋਰੋਨਾ ਵੈਕਸੀਨ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਐਲਾਨ ਕੀਤਾ ਕਿ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਹੁਣ ਕੋਰੋਨਾ ਵੈਕਸੀਨ ਲਗਾਉਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਨਿਸਟ੍ਰੇਸ਼ਨ (ਓ. ਐੱਸ. ਐੱਚ.ਏ.) ਏਜੰਸੀ 100 ਜਾਂ ਵਧੇਰੇ ਕਰਮਚਾਰੀਆਂ ਵਾਲੇ ਪ੍ਰਾਈਵੇਟ ਕਾਰੋਬਾਰਾਂ ਲਈ ਇੱਕ ਨਿਯਮ ਬਣਾਏਗੀ, ਜਿਸ ਤਹਿਤ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੈਕਸੀਨ ਦੀ ਜ਼ਰੂਰਤ ਹੋਵੇਗੀ ਅਤੇ ਟੀਕਾ ਨਾ ਲਗਵਾਉਣ ’ਤੇ ਹਫਤਾਵਾਰੀ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ। ਇਹ ਜ਼ਰੂਰਤਾਂ ਬਾਈਡੇਨ ਪ੍ਰਸ਼ਾਸਨ ਵੱਲੋਂ ਡੈਲਟਾ ਵੇਰੀਐਂਟ ਦਾ ਮੁਕਾਬਲਾ ਕਰਨ ਲਈ ਨਵੀਂ ਛੇ-ਭਾਗਾਂ ਦੀ ਵਿਆਪਕ ਰਣਨੀਤੀ ਦਾ ਹਿੱਸਾ ਹਨ।

ਇਸ ਨਵੀਂ ਯੋਜਨਾ ਤਹਿਤ ਅਨੁਮਾਨ ਅਨੁਸਾਰ ਲੱਗਭਗ 80 ਮਿਲੀਅਨ ਕਰਮਚਾਰੀਆਂ ਅਤੇ ਕਾਰੋਬਾਰਾਂ ’ਤੇ ਅਸਰ ਪਵੇਗਾ। ਜੋ ਵੀ ਏਜੰਸੀ ਦੇ ਨਿਯਮ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ 14,000 ਡਾਲਰ ਤੱਕ ਹਨ।
ਬਾਈਡੇਨ ਨੇ ਵੀਰਵਾਰ ਆਪਣੀ ਸਪੀਚ ਦੌਰਾਨ ਕਿਹਾ ਕਿ “ਅਸੀਂ ਮੁਸ਼ਕਿਲ ਸਥਿਤੀ ’ਚ ਹਾਂ ਅਤੇ ਇਹ ਕੁਝ ਸਮੇਂ ਲਈ ਰਹਿ ਸਕਦਾ ਹੈ।" ਉਨ੍ਹਾਂ ਰਿਪਬਲਿਕਨ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਆਪਣੇ ਰਾਜਾਂ ਵਿੱਚ ਜਨਤਕ ਸਿਹਤ ਦੇ ਆਦੇਸ਼ਾਂ ਨੂੰ ਗੈਰ-ਕਾਨੂੰਨੀ ਬਣਾਉਣ ਲਈ ਕੰਮ ਕੀਤਾ ਹੈ, ਜਿਨ੍ਹਾਂ ’ਚ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਅਤੇ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਸ਼ਾਮਲ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਇਹ ਵੀ ਐਲਾਨ ਕੀਤਾ ਕਿ ਟ੍ਰਾਂਸਪੋਰਟੇਸ਼ਨ ਸਕਿਓਰਿਟੀ ਐਡਮਨਿਸਟ੍ਰੇਸ਼ਨ ਵੱਲੋਂ ਟ੍ਰੈਵਲ ਲਈ ਮਾਸਕ ਦੀ ਜ਼ਰੂਰਤ ਨੂੰ 18 ਜਨਵਰੀ ਤੱਕ ਵਧਾ ਦਿੱਤਾ ਜਾਵੇਗਾ ਅਤੇ ਪਾਲਣਾ ਨਾ ਕਰਨ ’ਤੇ ਜੁਰਮਾਨਾ ਦੁੱਗਣਾ ਹੋ ਜਾਵੇਗਾ।


author

Manoj

Content Editor

Related News