ਅਮਰੀਕਾ ’ਚ ਕੋਰੋਨਾ ਵੈਕਸੀਨ ਰਹੀ ਵਿਚਾਰ-ਵਟਾਂਦਰੇ ਦਾ ਅਹਿਮ ਹਿੱਸਾ : ਜੈਸ਼ੰਕਰ
Saturday, May 29, 2021 - 02:16 PM (IST)
ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਕੋਵਿਡ-19 ਮਹਾਮਾਰੀ ਅਤੇ ਟੀਕਿਆਂ ਨੂੰ ਯੂ. ਐੱਸ. ਦੇ ਉੱਚ ਅਧਿਕਾਰੀਆਂ ਨਾਲ ਆਪਣੀ ਗੱਲਬਾਤ ’ਚ ਅਹਿਮ ਪਹਿਲੂ ਦੱਸਿਆ ਅਤੇ ਕਿਹਾ ਕਿ ਅਮਰੀਕਾ ਦੇ ਸਹਿਯੋਗ ਨਾਲ ਉਤਪਾਦਨ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੈਸ਼ੰਕਰ (66) ਬਾਈਡੇਨ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਮੰਤਰੀ ਹਨ। ਕਈ ਮੁਲਾਕਾਤਾਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਥੇ ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਕਿਹਾ, ‘‘ਦੌਰੇ ਦਾ ਮੁੱਢਲਾ ਉਦੇਸ਼ ਸਪੱਸ਼ਟ ਤੌਰ ’ਤੇ ਨਵੇਂ ਪ੍ਰਸ਼ਾਸਨ ਨਾਲ ਸਬੰਧਾਂ ਬਾਰੇ ਸੀ। ਇਹ ਬਹੁਤ ਮਹੱਤਵਪੂਰਨ ਰਿਸ਼ਤਾ ਹੈ। ਇਥੇ ਸੀਨੀਅਰ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ।’’ ਵਿਦੇਸ਼ ਮੰਤਰੀ ਨੇ ਕਿਹਾ, “ਭਾਰਤ ਅਤੇ ਅਮਰੀਕਾ ਦਰਮਿਆਨ ਟੀਕੇ ਦੀ ਭਾਈਵਾਲੀ ਕਾਰਨ ਗੱਲਬਾਤ ’ਚ ਜ਼ਾਹਿਰ ਤੌਰ ’ਤੇ ਕੋਵਿਡ-19 ਦਾ ਹਵਾਲਾ ਵੀ ਸ਼ਾਮਲ ਸੀ। ਨਾਲ ਹੀ ਟੀਕਿਆਂ ’ਤੇ ‘ਕਵਾਡ’ ਆਧਾਰਿਤ ਵਿਚਾਰ-ਵਟਾਂਦਰੇ ਵੀ ਹੋਏ।
ਇਹ ਵੀ ਇਕ ਮਹੱਤਵਪੂਰਨ ਵਿਸ਼ਾ ਸੀ। ਦਰਅਸਲ ਮੈਂ ਇਹ ਕਹਾਂਗਾ ਕਿ ਗੱਲਬਾਤ ਦੌਰਾਨ (ਕੋਵਿਡ-19 ਅਤੇ ਟੀਕਾ) ਮੇਰੇ ਵਿਚਾਰ-ਵਟਾਂਦਰੇ ’ਚ ਸਭ ਤੋਂ ਮਹੱਤਵਪੂਰਨ ਵਿਸ਼ਾ ਸੀ।” ਜੈਸ਼ੰਕਰ ਨੇ ਪਿਛਲੇ ਦੋ ਦਿਨ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕੇਨ, ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ, ਯੂ. ਐੱਸ. ਟ੍ਰੇਡ ਰੀਪ੍ਰਜ਼ੈਂਟੇਟਿਵਜ਼ ਕੈਥਰੀਨ ਤਾਈ ਤੇ ਰਾਸ਼ਟਰੀ ਖੁਫੀਆ ਵਿਭਾਗ ਦੀ ਨਿਰਦੇਸ਼ਕ ਐਵਰਿਲ ਹੈਂਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਈ ਪ੍ਰਸ਼ਾਸਕੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਈ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।
ਉਨ੍ਹਾਂ ਨੇ ਇੰਡੀਆ ਕਾਕਸ ਦੇ ਸਹਿ-ਪ੍ਰਧਾਨਾਂ, ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਸੰਮਤੀ ਦੇ ਸੀਨੀਅਰ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਉਹ ਯੂ. ਐੱਸ. ਇੰਡੀਆ ਬਿਜ਼ਨੈੱਸ ਕੌਂਸਲ ਅਤੇ ਯੂ. ਐੱਸ. ਇੰਡੀਆ ਰਣਨੀਤਕ ਅਤੇ ਭਾਈਵਾਲੀ ਫੋਰਮ ਵੱਲੋਂ ਆਯੋਜਤ ਇੱਕ ਬੈਠਕ ’ਚ ਉਦਯੋਗਪਤੀਆਂ ਨੂੰ ਵੀ ਮਿਲੇ ਸਨ। ਇਸ ਸਮੇਂ ਦੌਰਾਨ ਗੱਲਬਾਤ ਦਾ ਮਹੱਤਵਪੂਰਨ ਵਿਸ਼ਾ ਕੋਵਿਡ-19 ਨਾਲ ਸਬੰਧਤ ਸੀ। ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਦੀਆਂ ਕਈ ਮੀਟਿੰਗਾਂ ’ਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਟੀਕਾ ਉਤਪਾਦਨ ਦੇ ਮੁੱਦੇ ’ਤੇ ਸਹਾਇਤਾ ਕਰਨ, ਇਕਮੁੱਠਤਾ ਦਿਖਾਉਣ ਅਤੇ ਕੰਮ ਕਰਨ ਲਈ ਅਮਰੀਕਾ ਦਾ ਧੰਨਵਾਦ ਕੀਤਾ ਕਿਉਂਕਿ ਟੀਕਾ ਸਪਲਾਈ ਲੜੀ ਦੇ ਸਬੰਧ ਵਿਚ ਅਮਰੀਕਾ ਦੀ ਜ਼ਰੂਰਤ ਹੈ।