ਸਕਾਟਲੈਂਡ ''ਚ ਹਥਿਆਰਬੰਦ ਫੌਜ ਕਰੇਗੀ ਕੋਰੋਨਾ ਟੀਕਾਕਰਨ ''ਚ ਸਹਾਇਤਾ

Thursday, Feb 04, 2021 - 02:11 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹਥਿਆਰਬੰਦ ਸੈਨਾਵਾਂ ਦੇ ਮੈਂਬਰ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਨੂੰ ਵਧਾਉਣ ਦੇ ਯਤਨ ਵਜੋਂ ਵੀਰਵਾਰ ਤੋਂ ਸਕਾਟਲੈਂਡ ਵਿੱਚ ਕੋਵਿਡ-19 ਟੀਕਿਆਂ ਦਾ ਪ੍ਰਬੰਧਣ ਕਰਨ ਜਾ ਰਹੇ ਹਨ। ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਮੰਗਲਵਾਰ ਦੇ ਅੰਤ ਤੱਕ ਸਕਾਟਲੈਂਡ ਵਿੱਚ 649,262 ਲੋਕਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 38,484 ਖੁਰਾਕਾਂ ਇਕੱਲੇ ਮੰਗਲਵਾਰ ਨੂੰ ਲਗਾਈਆਂ ਹਨ। 

ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੀਰਵਾਰ ਤੋਂ ਸਕਾਟਲੈਂਡ ਵਿੱਚ ਟੀਕਾਕਰਨ 'ਤੇ ਕੰਮ ਕਰਨ ਲਈ ਹੋਰ 81 ਫੌਜੀ ਜਵਾਨ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਆਰਮੀ ਦੇ ਜਵਾਨਾਂ ਦੀ ਕੁੱਲ ਗਿਣਤੀ 200 ਤੋਂ ਵੱਧ ਹੋ ਜਾਵੇਗੀ। ਸੈਨਿਕ ਮੈਡੀਕਲ ਡਾਕਟਰਾਂ ਦੁਆਰਾ ਸਕਾਟਲੈਂਡ ਵਿਚ ਪਹਿਲੀ ਵਾਰ ਟੀਕਾ ਲਗਾਇਆ ਜਾਵੇਗਾ ਜਦਕਿ ਇਹ ਅਭਿਆਸ ਇੰਗਲੈਂਡ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ। ਇਹ ਟੀਮਾਂ ਵੀਰਵਾਰ ਤੋਂ ਐਨ.ਐਚ.ਐਸ. ਲੋਥੀਅਨ ਦੇ ਰਾਇਲ ਹਾਈਲੈਂਡ ਸ਼ੋਅ ਗਰਾਉਂਡ ਵਿੱਚ ਕੰਮ ਕਰਨਗੀਆਂ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਆਸਟ੍ਰੇਲੀਆ ਦੇ ਪੀ.ਐੱਮ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਇਸ ਦੇ ਤਹਿਤ ਹੋਰ ਵਲੰਟੀਅਰ ਦੇਸ਼ ਭਰ ਦੇ ਸਿਹਤ ਬੋਰਡਾਂ 'ਤੇ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 10 ਮੈਡੀਕਲ ਅਤੇ ਮੈਨੇਜਮੈਂਟ ਸਟਾਫ ਦੀਆਂ ਪੰਜ ਟੀਮਾਂ ਲਈ 'ਟੀਕੇ ਦੀ ਤੁਰੰਤ ਰਿਐਕਸ਼ਨ ਫੋਰਸ' ਦਾ ਗਠਨ ਕੀਤਾ ਗਿਆ ਹੈ। ਇਸ ਦੇ ਇਲਾਵਾ ਤਕਰੀਬਨ 24 ਮੈਂਬਰਾਂ ਵਾਲਾ ਲੌਜਿਸਟਿਕ ਸਪੋਰਟ ਸਟਾਫ ਐਨ.ਐਚ.ਐਸ. ਲੋਥੀਅਨ ਦੇ ਨਾਲ ਗ੍ਰਾਮਪਿਅਨ, ਡੰਮਫਰਾਈਜ਼ ਅਤੇ ਗਾਲੋਵੇ ਆਦਿ ਟੀਕਾਕਰਨ ਕੇਂਦਰ ਚਲਾਉਣ ਵਿੱਚ ਸਹਾਇਤਾ ਕਰੇਗਾ। ਇਸ ਤੋਂ ਪਹਿਲਾਂ ਵੀ ਸਕਾਟਲੈਂਡ ਦੇ ਟੀਕਾਕਰਨ ਪ੍ਰੋਗਰਾਮ ਨੂੰ ਸੌਂਪੇ ਗਏ ਫਾਈਫ ਬੇਸਡ ਰਾਇਲ ਸਕਾਟਿਸ਼ ਡਰੈਗਨ ਗਾਰਡਜ਼ ਦੇ 98 ਮੈਂਬਰ ਦੇਸ਼ ਭਰ ਵਿੱਚ ਸਥਾਪਿਤ 80 ਕੇਂਦਰਾਂ ਨੂੰ ਸੌਂਪੇ ਗਏ ਹਨ।

ਨੋਟ- ਸਕਾਟਲੈਂਡ 'ਚ ਹਥਿਆਰਬੰਦ ਫੌਜ ਕਰੇਗੀ ਕੋਰੋਨਾ ਟੀਕਾਕਰਨ 'ਚ ਸਹਾਇਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News