ਚੀਨ ''ਚ ਫਿਰ ਪੈਰ ਪਸਾਰ ਰਿਹੈ ਕੋਰੋਨਾ, ਬਿਨਾਂ ਲੱਛਣ ਵਾਲੇ ਮਾਮਲੇ ਆਏ ਸਾਹਮਣੇ

04/06/2020 10:55:38 PM

ਬੀਜਿੰਗ (ਏਜੰਸੀ)- ਚੀਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਇਸ ਵਿਚ ਲੱਛਣ ਵਾਲੇ ਅਤੇ ਬਿਨਾਂ ਲੱਛਣ ਵਾਲੇ ਦੋਹਾਂ ਤਰ੍ਹਾਂ ਦੇ ਮਾਮਲੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਐਤਵਾਰ ਨੂੰ ਕੋਰੋਨਾ ਦੇ 39 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਸ਼ਨੀਵਾਰ ਨੂੰ 30 ਮਾਮਲਿਆਂ ਦਾ ਪਤਾ ਲੱਗਾ ਸੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ਵਿਚ ਐਤਵਾਰ ਨੂੰ ਬਿਨਾਂ ਲੱਛਣ ਵਾਲੇ 78 ਕੋਰੋਨਾ ਮਾਮਲਿਆਂ ਦਾ ਪਤਾ ਲੱਗਾ ਹੈ, ਜਦੋਂ ਕਿ ਇਕ ਦਿਨ ਪਹਿਲਾਂ ਹੀ ਇਸੇ ਤਰ੍ਹਾਂ ਦੇ 47 ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੀ ਰੋਕਥਾਮ ਲਈ ਚੁੱਕੇ ਗਏ ਸਖ਼ਤ ਕਦਮਾਂ ਤੋਂ ਬਾਅਦ ਵੀ ਬਾਹਰੋਂ ਆਉਣ ਵਾਲੇ ਅਤੇ ਬਿਨਾਂ ਲੱਛਣਾਂ ਵਾਲੇ ਮਾਮਲਿਆਂ ਨੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ।

PunjabKesari

ਬਿਨਾਂ ਲੱਛਣ ਵਾਲੇ ਮਾਮਲਿਆਂ ਵਿਚ ਮਰੀਜ਼ਾਂ ਨੂੰ ਭਾਵੇਂ ਹੀ ਪ੍ਰੇਸ਼ਾਨੀ ਜ਼ਿਆਦਾ ਨਾ ਹੁੰਦੀ ਹੋਵੇ ਪਰ ਉਹ ਦੂਜਿਆਂ ਨੂੰ ਇਨਫੈਕਟਿਡ ਕਰਨ ਵਿਚ ਸਮਰੱਥ ਹੁੰਦੇ ਹਨ। ਐਨ.ਐਚ.ਸੀ. ਦੇ ਬੁਲਾਰੇ ਮੀ ਫੈਂਗ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਚੀਨ ਨੂੰ ਸੁਚੇਤ ਰਹਿਣ ਦੇ ਨਾਲ ਇਸ ਮਹਾਮਾਰੀ ਦੀ ਵਾਪਸੀ ਨੂੰ ਹਰ ਹਾਲ ਵਿਚ ਰੋਕਣਾ ਹੋਵੇਗਾ। ਚੀਨ ਵਿਚ ਹਾਲ ਦੇ ਦਿਨਾਂ ਵਿਚ ਬਿਨਾਂ ਲੱਛਣ ਵਾਲੇ ਮਿਲੇ 705 ਮਾਮਲਿਆਂ ਦੀ ਨਿਗਰਾਨੀ ਹੋ ਰਹੀ ਹੈ। ਇਨ੍ਹਾਂ ਵਿਚੋਂ ਅੱਧੇ ਮਾਮਲੇ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਹੁਬੇਈ ਸੂਬੇ ਦੇ ਹਨ। ਬਿਨਾਂ ਲੱਛਣ ਵਾਲੇ ਮਾਮਲੇ ਪਿਛਲੇ ਇਕ ਹਫਤੇ ਤੋਂ ਸਾਹਮਣੇ ਆਉਣ ਤੋਂ ਸਰਕਾਰ ਦੀ ਚਿੰਤਾ ਵਧ ਗਈ ਹੈ। ਪਿਛਲੇ ਦੋ ਮਹੀਨੇ ਤੋਂ ਲੌਕਡਾਊਨ ਵਿਚ ਰਹਿ ਰਹੇ ਹੁਬੇਈ ਦੇ ਲੋਕਾਂ ਨੂੰ ਆਉਣ ਵਾਲੀ 8 ਅਪ੍ਰੈਲ ਤੋਂ ਸ਼ਹਿਰ ਤੋਂ ਬਾਹਰ ਜਾਣ ਦੀ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਇਸ ਸੂਬੇ ਨੇ ਪਿਛਲੇ ਮਹੀਨੇ ਹੀ ਯਾਤਰਾ ਸਬੰਧੀ ਕੁਝ ਨਿਯਮਾਂ ਵਿਚ ਢਿੱਲ ਦਿੱਤੀ ਸੀ।

PunjabKesari

ਚੀਨ ਦੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਵੱਖ-ਵੱਖ ਖੇਤਰਾਂ ਵਿਚ ਬਿਨਾਂ ਲੱਛਣ ਵਾਲੇ ਕੋਰੋਨਾ ਇਨਫੈਕਟਿਡਾਂ ਦੇ ਕਾਰਣ 45 ਰਿਹਾਇਸ਼ੀ ਕੰਪਲੈਕਸਾਂ ਨੂੰ ਮਹਾਮਾਰੀ ਮੁਕਤ ਸ਼੍ਰੇਣੀ ਤੋਂ ਹਟਾ ਲਿਆ ਗਿਆ ਹੈ। ਮਹਾਮਾਰੀ ਮੁਕਤ ਕੰਪਲੈਕਸਾਂ ਵਿਚ ਰਹਿ ਰਹੇ ਲੋਕਾਂ ਨੂੰ ਦਿਨ ਵਿਚ ਦੋ ਘੰਟੇ ਲਈ ਘਰੋਂ ਬਾਹਰ ਨਿਕਲਣ ਦੀ ਛੋਟ ਮਿਲੀ ਹੋਈ ਹੈ। ਚੀਨ ਵਿਚ ਹੁਣ ਤੱਕ ਇਸ ਬੀਮਾਰੀ ਨਾਲ 81,708 ਲੋਕ ਇਨਫੈਕਟਿਡ ਹੋਏ ਜਦੋਂ ਕਿ 3331 ਲੋਕਾਂ ਦੀ ਮੌਤ ਹੋਈ। ਕੋਰੋਨਾ ਇਨਫੈਕਸ਼ਨ ਕਾਰਨ ਚੀਨ ਨੇ ਆਪਣੀ ਕੌਮਾਂਤਰੀ ਸਰਹੱਦ ਬੰਦ ਕਰ ਦਿੱਤੀ ਹੈ। ਪਹਿਲੀ ਅਪ੍ਰੈਲ ਤੋਂ ਵਿਦੇਸ਼ ਤੋਂ ਆਉਣ ਵਾਲੇ ਹਰ ਆਦਮੀ ਦੀ ਜਾਂਚ ਹੋ ਰਹੀ ਹੈ।

PunjabKesari

ਕੋਰੋਨਾ ਦੇ ਲੱਛਣ ਵਾਲੇ ਜੋ ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚ 38 ਐਤਵਾਰ ਨੂੰ ਵਿਦੇਸ਼ ਤੋਂ ਆਏ ਲੋਕਾਂ ਦੇ ਹਨ, ਜਦੋਂ ਕਿ ਸ਼ਨੀਵਾਰ ਨੂੰ ਇਸੇ ਤਰ੍ਹਾੰ ਦੇ 25 ਮਾਮਲੇ ਫੜੇ ਗਏ ਸਨ। ਇਨ੍ਹਾਂ ਵਿਚੋਂ 20 ਮਾਮਲੇ ਰੂਸ ਨਾਲ ਲੱਗਣ ਵਾਲੀ ਸਰਹੱਦ ਤੋਂ ਹੀਲੋਂਗਜਿਆਂਗ ਸੂਬੇ ਵਿਚ ਦਾਖਲ ਕਰਨ ਵਾਲਿਆਂ ਵਿਚੋਂ ਮਿਲੇ। ਇਹ ਸਾਰੇ ਚੀਨੀ ਨਾਗਰਿਕ ਹਨ ਅਤੇ ਮਾਸਕੋ ਤੋਂ ਵਲਾਡੀਵੋਸਤਕ ਹੁੰਦੇ ਹੋਏ ਵਾਪਸ ਦੇਸ਼ ਪਰਤੇ ਹਨ। ਚੀਨ ਨੂੰ ਵਿਦੇਸ਼ ਵਿਚ ਪੈ ਰਹੇ ਆਪਣੇ 16 ਲੱਖ ਵਿਦਿਆਰਥੀਆਂ ਰਾਹੀਂ ਦੇਸ਼ ਵਿਚ ਇਨਫੈਕਸ਼ਨ ਪਹੁੰਚਣ ਦਾ ਖਦਸ਼ਾ ਸਤਾ ਰਿਹਾ ਹੈ।

PunjabKesari

ਹਾਲਾਂਕਿ ਚੀਨ ਨੇ ਕੌਮਾਂਤਰੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ ਪਰ ਕਈ ਵਿਦਿਆਰਥੀ ਚਾਰਟਡ ਉਡਾਣਾਂ ਰਾਹੀਂ ਘਰ ਪਰਤ ਰਹੇ ਹਨ। ਇਸ ਦੌਰਾਨ ਗੁਆਂਡਡੋਂਗ ਸੂਬੇ ਵਿਚ ਕੋਰੋਨਾ ਦਾ ਸਥਾਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਬੀਮਾਰੀ ਦੇ ਕਹਿਰ ਦੌਰਾਨ ਹਰ ਦਿਨ ਪੰਜ ਮਾਮਲੇ ਸਾਹਮਣੇ ਆ ਰਹੇ ਸਨ। ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਗੁਆਂਗਝੂ, ਸ਼ੇਂਝੇਨ ਅਤੇ ਚੇਂਗਸੂ ਵਿਚ ਅਲਰਟ ਵਧਾ ਦਿੱਤਾ ਗਿਆ ਹੈ। ਓਧਰ ਇਕ ਹੋਰ ਘਟਨਾਕ੍ਰਮ ਵਿਚ ਅਮਰੀਕਾ ਵਿਚ ਚੀਨ ਦੇ ਰਾਜਦੂਤ ਕਈ ਤਿਨਾਕੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਵਾਇਰਸ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ ਕਾਫੀ ਅਣਸੁਖਾਵੀਆਂ ਘਟਨਾਵਾਂ ਹੋਈਆਂ ਪਰ ਇਹ ਸਮਾਂ ਇਕ-ਦੂਜੇ 'ਤੇ ਉਂਗਲੀ ਚੁੱਕਣ ਦਾ ਨਹੀਂ ਹੈ। ਇਸ ਵੇਲੇ ਲੋਕਾਂ ਨੂੰ ਏਕਤਾ, ਭਾਈਚਾਰਾ ਅਤੇ ਆਪਸੀ ਸਹਿਯੋਗ ਦਿਖਾਉਣਾ ਹੋਵੇਗਾ।


Sunny Mehra

Content Editor

Related News