ਇੰਡੋਨੇਸ਼ੀਆ ''ਚ ਕੋਰੋਨਾ ਦਾ ਬੱਚਿਆਂ ''ਤੇ ਕਹਿਰ, ਇਕ ਹਫ਼ਤੇ ''ਚ 100 ਤੋਂ ਵੱਧ ਮਾਸੂਮਾਂ ਦੀ ਮੌਤ

Monday, Jul 26, 2021 - 12:47 PM (IST)

ਜਕਾਰਤਾ (ਬਿਊਰੋ): ਕੋਰੋਨਾ ਦੀ ਤੀਜੀ ਲਹਿਰ ਦੁਨੀਆ ਵਿਚ ਇਕ ਵਾਰ ਫਿਰ ਤਬਾਹੀ ਮਚਾ ਰਹੀ ਹੈ। ਮਾਹਰਾਂ ਨੇ ਵੀ ਇਸ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤੀਜੀ ਲਹਿਰ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ 'ਤੇ ਦੇਖਣ ਨੂੰ ਮਿਲੇਗਾ। ਇਹ ਗੱਲ ਇੰਡੋਨੇਸ਼ੀਆ ਵਿਚ ਸੱਚ ਸਾਬਤ ਹੁੰਦੀ ਦਿਸ ਰਹੀ ਹੈ। ਇੱਥੇ ਕੋਰੋਨਾ ਵਾਇਰਸ ਨਾਲ ਸੈਂਕੜੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।ਮਰਨ ਵਾਲਿਆਂ ਵਿਚੋਂ ਕਈ ਬੱਚਿਆਂ ਦੀ ਉਮਰ 5 ਸਾਲ ਤੋਂ ਵੀ ਘੱਟ ਸੀ। ਇੱਥੇ ਸਿਰਫ ਇਕ ਹਫ਼ਤੇ ਵਿਚ 100 ਤੋਂ ਵੱਧ ਮਾਸੂਮਾਂ ਦੀ ਮੌਤ ਹੋ ਗਈ। 

ਇੰਡੋਨੇਸ਼ੀਆ ਵਿਚ ਇਸ ਮਹੀਨੇ ਦੇ ਇਕ ਹਫ਼ਤੇ ਵਿਚ 100 ਤੋਂ ਵੱਧ ਮੌਤਾਂ ਹੋਈਆਂ। ਇੰਡੋਨੇਸ਼ੀਆ ਵਿਚ ਫਿਲਹਾਲ ਕੋਰੋਨਾ ਆਪਣੇ ਸਿਖਰ 'ਤੇ ਹੈ। ਇੱਥੇ ਕੋਰੋਨਾ ਹੁਣ ਬੱਚਿਆਂ 'ਤੇ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇੱਥੇ ਸ਼ੁੱਕਰਵਾਰ ਨੂੰ ਲੱਗਭਗ 50 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਅਤੇ 1,566 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਵਿਚ ਬਾਲ ਰੋਗ ਮਾਹਰਾਂ ਦੀ ਰਿਪੋਰਟ ਦੇ ਆਧਾਰ 'ਤੇ ਦੇਸ਼ ਦੇ ਕੁੱਲ ਮਾਮਲਿਆਂ ਵਿਚ 12.5 ਫੀਸਦੀ ਮਾਮਲੇ ਬੱਚਿਆਂ ਦੇ ਹਨ। ਇਹ ਪਿਛਲੇ ਮਹੀਨੇ ਦੀ ਤੁਲਨਾ ਵਿਚ ਜ਼ਿਆਦਾ ਹਨ। ਇਕੱਲੇ 12 ਜੁਲਾਈ ਦੇ ਹਫ਼ਤੇ ਦੌਰਾਨ ਕੋਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ, ਇਹਨਾਂ ਵਿਚੋਂ ਲੱਗਭਗ ਅੱਧੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ਕੁੱਲ ਮਿਲਾ ਕੇ ਇੰਡੋਨੇਸ਼ੀਆ ਵਿਚ 3 ਲੱਖ ਤੋਂ ਵੱਧ ਮਾਮਲੇ ਅਤੇ 83,000 ਮੌਤਾਂ ਹੋਈਆਂ। 

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਆਫ਼ਤ : ਦੁਨੀਆ 'ਚ ਹੁਣ ਤੱਕ 19.40 ਕਰੋੜ ਤੋਂ ਵੱਧ ਲੋਕ ਹੋਏ ਪੀੜਤ ਅਤੇ 41.58 ਲੱਖ ਤੋਂ ਵੱਧ ਮੌਤਾਂ

ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਇੰਡੋਨੇਸ਼ੀਆ ਵਿਚ 18 ਸਾਲ ਤੋਂ ਘੱਟ ਉਮਰ ਦੇ 800 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰ ਇਹਨਾਂ ਵਿਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਹੋਈਆਂ ਹਨ। ਇੱਥੇ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਭਰੇ ਪਏ ਹਨ। ਕੋਰੋਨਾ ਨਾਲ ਜੂਝ ਰਹੇ ਬੱਚਿਆਂ ਲਈ ਵੱਖਰੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਲੱਗਭਗ ਦੋ ਤਿਹਾਈ ਕੋਰੋਨਾ ਪੀੜਤ ਲੋਕ ਕੁਆਰੰਟੀਨ ਵਿਚ ਹਨ, ਜਿਸ ਨਾਲ ਬੱਚਿਆਂ ਦੇ ਪੀੜਤ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।


Vandana

Content Editor

Related News