ਰੂਸ ’ਚ ਕੋਰੋਨਾ ਦਾ ਕਹਿਰ, ਇਕ ਦਿਨ ’ਚ 1000 ਲੋਕਾਂ ਦੀ ਗਈ ਜਾਨ
Saturday, Oct 16, 2021 - 09:03 PM (IST)
ਮਾਸਕੋ (ਏ. ਪੀ.)-ਰੂਸ ’ਚ ਪਹਿਲੀ ਵਾਰ ਕੋਰੋਨਾ ਨਾਲ ਇਕ ਦਿਨ ’ਚ ਮਰਨ ਵਾਲਿਆਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਗਈ। ਦੇਸ਼ ’ਚ ਲਾਗ ਦੇ ਮਾਮਲੇ ਵੀ ਵਧੇ ਹਨ। ਨੈਸ਼ਨਲ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਸ਼ਨੀਵਾਰ ਦੱਸਿਆ ਕਿ 1002 ਲੋਕਾਂ ਦੀ ਮੌਤ ਹੋਈ, ਜੋ ਸ਼ੁੱਕਰਵਾਰ ਨੂੰ ਦੱਸੇ ਗਏ ਅੰਕੜੇ 999 ਤੋਂ ਜ਼ਿਆਦਾ ਹੈ। ਉਥੇ ਹੀ 33,208 ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ, ਜੋ ਇਕ ਦਿਨ ਪਹਿਲਾਂ ਦੇ ਅੰਕੜੇ ਤੋਂ 1000 ਜ਼ਿਆਦਾ ਹੈ। ਰੂਸ ’ਚ ਪਿਛਲੇ ਕੁਝ ਹਫ਼ਤਿਆਂ ’ਚ ਲਾਗ ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਰਿਕਾਰਡ ਕਈ ਵਾਰ ਟੁੱਟਿਆ ਹੈ ਪਰ ਸਰਕਾਰ ਅਜੇ ਵੀ ਪਾਬੰਦੀਆਂ ਨੂੰ ਸਖ਼ਤ ਕਰਨ ਤੋਂ ਝਿਜਕ ਰਹੀ ਹੈ।
ਅਧਿਕਾਰੀਆਂ ਨੇ ਟੀਕਾਕਰਨ ਦੀ ਰਫ਼ਤਾਰ ਲਾਟਰੀ, ਬੋਨਸ ਅਤੇ ਹੋਰ ਲਾਭ ਦੇ ਕੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਖ਼ਦਸ਼ੇ ਹਨ, ਜੋ ਅਜੇ ਵੀ ਅਧਿਕਾਰੀਆਂ ਦੇ ਯਤਨਾਂ ’ਚ ਅੜਿੱਕਾ ਬਣ ਰਹੇ ਹਨ। ਸਰਕਾਰ ਨੇ ਇਸ ਹਫ਼ਤੇ ਦੱਸਿਆ ਸੀ ਕਿ ਦੇਸ਼ ਦੀ 14.6 ਕਰੋੜ ਆਬਾਦੀ ’ਚੋਂ ਤਕਰੀਬਨ 29 ਫੀਸਦੀ ਆਬਾਦੀ (ਤਕਰੀਬਨ 4.3 ਕਰੋੜ) ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।