ਰੂਸ ’ਚ ਕੋਰੋਨਾ ਦਾ ਕਹਿਰ ਜਾਰੀ, 80 ਲੱਖ ਤੋਂ ਪਾਰ ਹੋਏ ਮਾਮਲੇ

Monday, Oct 18, 2021 - 07:12 PM (IST)

ਮਾਸਕੋ (ਏ. ਪੀ.)-ਰੂਸ ’ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 80 ਲੱਖ ਤੋਂ ਪਾਰ ਚਲੀ ਗਈ ਹੈ, ਨਾਲ ਹੀ ਦੇਸ਼ ’ਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਰਾਸ਼ਟਰੀ ਕੋਰੋਨਾ ਵਾਇਰਸ ਕਾਰਜਬਲ ਨੇ ਸੋਮਵਾਰ ਦੱਸਿਆ ਕਿ ਪਿਛਲੇ ਦਿਨ ਕੋਰੋਨਾ ਤੋਂ ਪੀੜਤ 34,325 ਨਵੇਂ ਮਰੀਜ਼ਾਂ ਦਾ ਪਤਾ ਲੱਗਾ, ਜਿਸ ਨਾਲ ਕੁਲ ਮਰੀਜ਼ਾਂ ਦੀ ਗਿਣਤੀ 8,027,012 ਤਕ ਪਹੁੰਚ ਗਈ। ਕਾਰਜਬਲ ਨੇ ਦੱਸਿਆ ਕਿ ਦੇਸ਼ ’ਚ ਪਿਛਲੇ ਦਿਨ ਕੋਰੋਨਾ ਦੇ 998 ਮਰੀਜ਼ਾਂ ਦੀ ਜਾਨ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 2,24,310 ਹੋ ਗਈ ਹੈ। ਕੱਲ ਦਾ ਮੌਤ ਦਾ ਅੰਕੜਾ ਸ਼ਨੀਵਾਰ ਦੇ ਅੰਕੜੇ ਤੋਂ ਘੱਟ ਹੈ ਪਰ ਇਹ ਦਰਸਾਉਂਦਾ ਹੈ ਕਿ ਦੇਸ਼ ਲਗਾਤਾਰ ਵਾਇਰਸ ਦੀ ਲਾਗ ਨਾਲ ਜੂਝ ਰਿਹਾ ਹੈ ਕਿਉਂਕਿ ਟੀਕਾਕਰਨ ਦੀ ਦਰ ਬਹੁਤ ਘੱਟ ਹੈ। ਰੂਸੀ ਅਧਿਕਾਰੀਆਂ ਨੇ ਲਾਟਰੀਆਂ, ਬੋਨਸ ਤੇ ਹੋਰ ਉਤਸ਼ਾਹ ਵਧਾਊ ਰਿਆਇਤਾਂ ਦੇ ਨਾਲ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਟੀਕਿਆਂ ਪ੍ਰਤੀ ਵੱਡੀ ਪੱਧਰ ’ਤੇ ਖਦਸ਼ਾ ਤੇ ਅਧਿਕਾਰੀਆਂ ਦੇ ਵਿਰੋਧਾਭਾਸੀ ਸੰਕੇਤਾਂ ਕਾਰਨ ਇਨ੍ਹਾਂ ਕੋਸ਼ਿਸ਼ਾਂ ਨੂੰ ਧੱਕਾ ਲੱਗਾ ਹੈ।

ਕਾਰਜਬਲ ਨੇ ਸ਼ਨੀਵਾਰ ਕਿਹਾ ਕਿ ਦੇਸ਼ ਦੀ ਤਕਰੀਬਨ 14.6 ਕਰੋੜ ਦੀ ਆਬਾਦੀ ’ਚੋਂ ਤਕਰੀਬਨ 4.5 ਕਰੋੜ ਯਾਨੀ 32 ਫੀਸਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਇੰਨੀ ਵੱਡੀ ਗਿਣਤੀ ’ਚ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਤੋਂ ਬਾਅਦ ਵੀ ਕ੍ਰੇਮਲਿਨ ਨੇ ਉਹੋ ਜਿਹਾ ਲਾਕਡਾਊਨ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਹੋ ਜਿਹਾ ਸ਼ੁਰੂਆਤੀ ਦੌਰ ’ਚ ਲਾਇਆ ਗਿਆ ਸੀ। ਉਸ ਨੇ ਹਾਲਾਂਕਿ ਖੇਤਰੀ ਪ੍ਰਸ਼ਾਸਨਾਂ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਲਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਹੈ। 


Manoj

Content Editor

Related News