ਕੋਰੋਨਾ : ਪਾਕਿ 'ਚ 6 ਹਜ਼ਾਰ ਦੇ ਕਰੀਬ ਹੋਏ ਮਰੀਜ਼, 30 ਅਪ੍ਰੈਲ ਤਕ ਵਧਿਆ ਲਾਕਡਾਊਨ
Wednesday, Apr 15, 2020 - 12:48 AM (IST)
ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 5,837 ਹੋ ਜਾਣ ਤੋਂ ਬਾਅਦ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਕਡਾਊਨ ਇਸ ਮਹੀਨੇ ਦੇ ਆਖਿਰ ਤਕ ਵਧਾ ਦਿੱਤਾ। ਇਮਰਾਨ ਖਾਨ ਨੇ ਕਿਹਾ ਕਿ ਲਾਕਡਾਊਨ ਕਾਰਣ ਕੋਰੋਨਾ ਵਾਇਰਸ ਦੇ ਕਹਿਰ 'ਤੇ ਕਾਬੂ ਪਾਉਣ 'ਚ ਕਾਫੀ ਮਦਦ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਲਾਕਡਾਊਨ 30 ਅਪ੍ਰੈਲ ਤਕ ਜਾਰੀ ਰਹੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰੋਬਾਰੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਕੁਝ ਪ੍ਰਮੁੱਖ ਉਦਯੋਗ ਖੋਲ੍ਹੇ ਜਾਣਗੇ। ਖਾਨ ਨੇ ਕਿਹਾ ਕਿ ਸਾਡਾ ਅਨੁਮਾਨ ਸੀ ਕਿ ਅੱਜ ਦੀ ਤਾਰਿਖ ਤਕ 190 ਲੋਕਾਂ ਦੀ ਮੌਤ ਹੋ ਜਾਵੇਗੀ ਪਰ 96 ਲੋਕਾਂ ਦੀ ਮੌਤ ਹੋਈ। ਵਾਇਰਸ ਦਾ ਕਹਿਰ ਸਾਡੇ ਅਨੁਮਾਨਾਂ ਦਾ ਸਿਰਫ 30 ਫੀਸਦੀ ਹੈ। ਉਦਯੋਗ ਮੰਤਰੀ ਅਜ਼ਹਰ ਨੇ ਕਿਹਾ ਕਿ ਨਿਰਮਾਣ, ਖੇਤਾਬਾੜੀ, ਰਸਾਇਣ, ਈ-ਕਾਮਰਸ, ਸਾਫਟਵੇਅਰ, ਕਾਗਜ਼ ਸਮੇਤ ਕਈ ਖੇਤਰਾਂ ਨੂੰ ਖੋਲ੍ਹਣ ਦੀ ਅਨੁਮਤਿ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਨਿਰਯਾਤ ਵੀ ਚਾਲੂ ਹੋ ਸਕਦੇ ਹਨ। ਸੁਰੱਖਿਆ ਸਲਾਹਕਾਰ ਮੋਇਦ ਯੂਸੁਫ ਨੇ ਕਿਹਾ ਕਿ 35 ਹਜ਼ਾਰ ਤੋਂ ਵਧੇਰੇ ਫੱਸੇ ਹੋਏ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਲਈ ਹਵਾਈ ਅੱਡਿਆਂ ਨੂੰ ਚਾਲੂ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਪੰਜਾਬ 'ਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 2881 ਹੈ ਜਦਕਿ ਸਿੰਧ 'ਚ 1,518, ਖੈਬਰ-ਪਖਨੂਨਖਵਾ 'ਚ 800, ਗਿਲਗਿਤ-ਬਾਲਿਸਤਾਨ 'ਚ 233, ਬਲੂਚਿਸਤਾਨ 'ਚ 231, ਇਸਲਾਮਾਬਾਦ 'ਚ 131 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 43 ਮਰੀਜ਼ ਹਨ। ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ 1,378 ਲੋਕ ਠੀਕ ਵੀ ਹੋ ਚੁੱਕੇ ਹਨ ਜਦਕਿ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।