ਗ੍ਰੇਟਰ ਬ੍ਰਿਸਬੇਨ ''ਚ ਕੋਰੋਨਾ ਕਾਰਨ ਤਾਲਾਬੰਦੀ, ਸ਼ਾਪਿੰਗ ਮਾਲਾਂ ‘ਚ ਲੱਗੀਆਂ ਕਤਾਰਾਂ

01/08/2021 8:46:36 AM

ਬ੍ਰਿਸਬੇਨ, (ਸੁਰਿੰਦਰ ਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੀ ਮੁੱਖ ਮੰਤਰੀ ਅਨਾਸਤਾਸ਼ੀਆ ਪਲਾਸ਼ਜ਼ੁਕ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਬ੍ਰਿਸਬੇਨ, ਲੋਗਨ, ਇਪਸਵਿਚ, ਮੋਰਟਨ ਬੇਅ ਅਤੇ ਰੈੱਡਲੈਂਡਜ਼ ਆਦਿ ਕੌਂਸਲ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਇੰਗਲੈਂਡ ਤੋਂ ਆਏ ਖ਼ਤਰਨਾਕ  ਵਾਇਰਸ ਤੋਂ ਬਚਾਉਣ ਲਈ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਹ ਤਾਲਾਬੰਦੀ 8 ਜਨਵਰੀ ਸ਼ਾਮ 6 ਵਜੇ ਤੋਂ 11 ਜਨਵਰੀ ਦੀ ਸ਼ਾਮ 6 ਵਜੇ ਤੱਕ ਲਾਗੂ ਰਹੇਗੀ। ਕੋਵਿਡ ਦੀ ਇਸ ਨਵੇਂ ਸਟ੍ਰੇਨ ਦੀ ਲਪੇਟ ਵਿਚ ਇਕ ਜਨਾਨੀ ਅਤੇ ਬ੍ਰਿਸਬੇਨ ਦੇ ਹੋਟਲ ਵਿਚ ਕੰਮ ਕਰਦਾ ਸਫ਼ਾਈ ਕਰਮਚਾਰੀ ਆ ਗਿਆ ਹੈ ਅਤੇ ਉਹ ਪਿਛਲੇ ਪੰਜ ਦਿਨਾਂ ਤੋਂ ਲੋਕਾਂ ਵਿਚ ਵਿਚਰ ਰਹੇ ਹਨ। 

ਮੁੱਖ ਮੰਤਰੀ ਨੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇ ਅਸੀਂ ਹੁਣ ਇਹ ਨਹੀਂ ਕਰਦੇ ਤਾਂ ਇਸ ਤਾਲਾਬੰਦੀ ਨੂੰ ਅਗਲੇ 30 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ। ਤਾਲਾਬੰਦੀ ਵਾਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਦੋ ਬਾਹਰਲੇ ਲੋਕਾਂ ਨੂੰ ਹੀ ਸੱਦਣ ਦੀ ਆਗਿਆ ਹੋਵੇਗੀ। ਲੋਕਾਂ ਲਈ ਮਾਸਕ ਲਾਜ਼ਮੀ ਹੋਣਗੇ, ਹਾਲਾਂਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਛੋਟ ਹੋਵੇਗੀ। 

ਦੱਸਣਯੋਗ ਹੈ ਕਿ ਕੁਈਨਜ਼ਲੈਂਡ ਵਿਚ ਰਾਤੋ-ਰਾਤ ਅਲੱਗ-ਅਲੱਗ ਹੋਟਲਾਂ ਤੋਂ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਦਰਜ ਹੋਏ ਹਨ। ਅਗਲੇ ਤਿੰਨ ਦਿਨਾਂ ਲਈ, ਅੰਤਿਮ ਸੰਸਕਾਰ ਵਿਚ 20 ਅਤੇ ਵਿਆਹਾਂ ਸਮਾਗਮ ਵਿਚ 10 ਵਿਅਕਤੀਆਂ ਦੀ ਗਿਣਤੀ ਸੀਮਤ ਕੀਤੀ ਗਈ ਹੈ। ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਵੀ ਲੋਕਾਂ ਨੂੰ ਹੇਅਰ ਡ੍ਰੈਸਰ, ਨੇਲ ਸੈਲੂਨ, ਸਿਨੇਮਾਘਰਾਂ ਅਤੇ ਜਿੰਮ ਵਰਗੇ ਕਿਸੇ ਵੀ ਗੈਰ-ਜ਼ਰੂਰੀ ਕੰਮਕਾਜ ਵਿਚ ਨਾ ਜਾਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਹਰੇਕ ਮਾਮਲੇ ਦੀ ਭਾਲ ਕਰਨ ਦੀ ਲੋੜ ਹੈ। ਜਦੋਂ ਤੱਕ ਅਸੀਂ ਸਾਰੇ ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਲੱਭ ਨਹੀਂ ਲੈਂਦੇ, ਅਸੀਂ ਅਰਾਮ ਨਹੀਂ ਕਰ ਸਕਦੇ । 

ਇਹ ਵੀ ਪੜ੍ਹੋ-  ਇਟਲੀ ਸਰਕਾਰ ਨੇ ਹੋਰ ਸਖ਼ਤ ਕੀਤੀਆਂ ਪਾਬੰਦੀਆਂ, ਵਿਦੇਸ਼ ਯਾਤਰੀਆਂ 'ਤੇ ਲਾਗੂ ਹੋਵੇਗਾ ਇਹ ਨਿਯਮ
ਕੈਫ਼ੇ, ਪੱਬ ਅਤੇ ਰੈਸਟੋਰੈਂਟ ਵਿਚ ਲੋਕ ਬੈਠ ਕੇ ਖਾ-ਪੀ ਨਹੀਂ ਸਕਦੇ ਸਗੋਂ ਸਮਾਨ ਖਰੀਦ ਕੇ ਲੈ ਜਾ ਸਕਦੇ ਹਨ। ਜੋ ਕਾਰੋਬਾਰ ਖੁੱਲ੍ਹੇ ਰਹਿ ਸਕਦੇ ਹਨ, ਉਨ੍ਹਾਂ ਨੂੰ ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਪਾਲਣਾ ਕਰਨੀ ਹੋਵੇਗੀ । ਇਸ ਹੰਗਾਮੀ ਸਥਿਤੀ ‘ਚ ਖਰੀਦਦਾਰੀ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ।
 

►ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News