ਕੋਰੋਨਾ ਕਾਰਨ ਭਾਰਤੀ ਮੂਲ ਦੀ ਮਹਿਲਾ ਡਾਕਟਰ ਦੀ ਬਿ੍ਰਟੇਨ ''ਚ ਮੌਤ
Thursday, May 14, 2020 - 02:09 AM (IST)
ਲੰਡਨ - ਪਿਛਲੇ ਲੰਬੇ ਸਮੇਂ ਤੋਂ ਕੋਰੋਨਾਵਾਇਰਸ ਨਾਲ ਜੂਝ ਰਹੀ ਭਾਰਤੀ ਮੂਲ ਦੀ ਸ਼ਾਨਦਾਰ ਮਹਿਲਾ ਡਾਕਟਰ ਪੂਰਣਿਮਾ ਨਾਇਰ (55) ਦੀ ਇੰਗਲੈਂਡ ਵਿਚ ਮੌਤ ਹੋ ਗਈ। ਕੇਰਲ ਦੀ ਮੂਲ ਨਿਵਾਸੀ ਨਾਇਰ ਇੰਗਲੈਂਡ ਵਿਚ ਕਾਉਂਟੀ ਡਰਹਮ ਦੇ ਬਿਸ਼ਪ ਆਕਲੈਂਡ ਵਿਚ ਸਟੇਸ਼ਨ ਵਿਊ ਮੈਡੀਕਲ ਸੈਂਟਰ ਵਿਚ ਸੇਵਾਵਾਂ ਦੇ ਰਹੀ ਸੀ। ਉਨ੍ਹਾਂ ਦੀ ਸਟਾਕਟਨ-ਆਨ-ਟੀਜ਼ ਵਿਚ ਨਾਰਥ ਟੀਜ਼ ਹਸਪਤਾਲ ਵਿਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਕੋਵਿਡ-19 ਤੋਂ ਪ੍ਰਭਾਵਿਤ ਸੀ। ਨਾਇਰ ਕੋਰੋਨਾਵਾਇਰਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵਿਚ ਪ੍ਰਤੱਖ ਰੂਪ ਨਾਲ ਯੋਗਦਾਨ ਦੇ ਰਹੇ ਬਿ੍ਰਟੇਨ ਦੇ ਡਾਕਟਰੀ ਭਾਈਚਾਰੇ ਦੀ 10ਵੀਂ ਮੈਂਬਰ ਮੰਨੀ ਜਾ ਰਹੀ ਹੈ, ਜਿਨ੍ਹਾਂ ਦੀ ਇਸ ਵਾਇਰਸ ਕਾਰਨ ਮੌਤ ਹੋਈ ਹੈ। ਇਸ ਵਾਇਰਸ ਕਾਰਨ ਬਿ੍ਰਟੇਨ ਵਿਚ 32,000 ਲੋਕਾਂ ਦੀ ਮੌਤ ਹੋ ਗਈ ਹੈ।
ਹਸਪਤਾਲ ਨੇ ਇਕ ਸੰਦੇਸ਼ ਵਿਚ ਕਿਹਾ ਕਿ ਕੇਂਦਰ ਨੂੰ ਸਾਡੀ ਪਿਆਰੀ ਅਤੇ ਮੁੱਲਵਾਨ ਸਾਥੀ ਅਤੇ ਦੋਸਤ ਡਾ. ਪੂਰਣਿਮਾ ਨਾਇਰ ਦੀ ਮੌਤ ਦਾ ਐਲਾਨ ਕਰਦੇ ਹੋਏ ਬਹੁਤ ਦੁਖ ਹੋ ਰਿਹਾ ਹੈ। ਡਾ. ਨਾਇਰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਆਕਲੈਂਡ ਦੀ ਸੰਸਦ ਮੈਂਬਰ ਡੇਵਿਡਸਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿੱਖਿਆ ਕਿ ਡਾ. ਨਾਇਰ ਸਾਡੇ ਭਾਈਚਾਰੇ ਦੀ ਮੰਨੀ-ਪ੍ਰਮੰਨੀ ਅਤੇ ਅਹਿਮ ਮੈਂਬਰ ਸੀ, ਜੋ ਸਟੇਸ਼ਨ ਵਿਊ ਮੈਡੀਕਲ ਸੈਂਟਰ ਵਿਚ ਸੇਵਾ ਦਿੰਦੀ ਸੀ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਹਿ-ਕਰਮੀਆਂ ਨਾਲ ਮੈਂ ਦੁਖ ਵਿਅਕਤ ਕਰਦੀ ਹਾਂ। ਡਾ. ਨਾਇਰ ਦੇ ਸਹਿਯੋਗੀਆਂ, ਦੋਸਤਾਂ ਅਤੇ ਉਨ੍ਹਾਂ ਦੇ ਮਰੀਜ਼ਾਂ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਸ਼ਰਧਾਂਜਲੀ ਦਿੱਤੀ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿੱਖਿਆ ਕਿ ਭਗਵਾਨ ਡਾ. ਨਾਇਰ ਦੀ ਆਤਮਾ ਨੂੰ ਸ਼ਾਂਤੀ ਦੇਣਾ। ਉਹ ਸ਼ਾਨਦਾਰ ਡਾਕਟਰ ਸੀ। ਉਨ੍ਹਾਂ ਨੇ 10 ਸਾਲ ਪਹਿਲਾਂ ਹੀ ਮੇਰੀ ਮਾਂ ਦੀ ਜਾਨ ਬਚਾਈ ਸੀ।