ਤਾਲਾਬੰਦੀ ਹਟਾਉਣ ਦੀ ਤਿਆਰੀ ਕਰ ਰਹੇ ਬ੍ਰਿਟੇਨ ’ਚ ਕੋਰੋਨਾ ਮੁੜ ਹੋਇਆ ਮਾਰੂ, ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
Thursday, Jul 15, 2021 - 12:58 AM (IST)
ਇੰਟਰਨੈਸ਼ਨਲ ਡੈਸਕ : ਬ੍ਰਿਟੇਨ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 42,302 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 49 ਲੋਕਾਂ ਦੀ ਮੌਤ ਹੋਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਸਰਕਾਰੀ ਅੰਕੜਿਆਂ ਤੋਂ ਮਿਲੀ। ਇਹ 15 ਜਨਵਰੀ ਤੋਂ ਬਾਅਦ ਸਭ ਤੋਂ ਵੱਧ ਇਕ ਦਿਨ ਦੇ ਮਾਮਲੇ ਹਨ, ਜਦੋਂ 55,761 ਮਾਮਲੇ ਆਏ ਸਨ। ਮੰਗਲਵਾਰ ਨੂੰ ਕੋਰੋਨਾ ਦੇ 36,600 ਮਾਮਲੇ ਸਾਹਮਣੇ ਆਏ ਸਨ ਤੇ 50 ਮਰੀਜ਼ਾਂ ਦੀ ਮੌਤ ਹੋਈ ਸੀ। ਮਾਮਲਿਆਂ ’ਚ ਵਾਧਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਬ੍ਰਿਟੇਨ ਦੇ ਜ਼ਿਆਦਾਤਰ ਹਿੱਸਿਆਂ ’ਚ ਸੋਮਵਾਰ ਤੋਂ ਤਾਲਾਬੰਦੀ ਸਬੰਧੀ ਸਾਰੀਆਂ ਪਾਬੰਦੀਆਂ ਹਟਣ ਵਾਲੀਆਂ ਹਨ।
ਇਹ ਵੀ ਪੜ੍ਹੋ : ...ਤੇ ਜਦੋਂ ਇਸ ਦੇਸ਼ ਦੇ ਰਾਸ਼ਟਰਪਤੀ ਦਾ ਹਿਚਕੀਆਂ ਨੇ ਕੀਤਾ ਬੁਰਾ ਹਾਲ, ਹਸਪਤਾਲ ’ਚ ਦਾਖਲ
ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਐਲਾਨ ਕੀਤਾ ਹੈ ਕਿ ਬ੍ਰਿਟੇਨ ’ਚ ਦੋ-ਤਿਹਾਈ ਬਾਲਗਾਂ ਨੂੰ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਅਸੀਂ ਆਪਣੇ ਟੀਚੇ ਨੂੰ ਲੱਗਭਗ ਇਕ ਹਫ਼ਤੇ ’ਚ ਪੂਰਾ ਕਰ ਲਿਆ ਹੈ। ਇਹ ਇਕ ਵੱਡੀ ਉਪਲੱਬਧੀ ਹੈ। ਅੱਗੇ ਆਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਟੀਕਾ ਵਾਇਰਸ ਖ਼ਿਲਾਫ ਸਾਡਾ ਸਭ ਤੋਂ ਵੱਡਾ ਹਥਿਆਰ ਹੈ।