ਲਾਤੀਨੀ ਅਮਰੀਕਾ ਵਿਚ ਕੋਰੋਨਾ ਕਾਰਨ 14 ਮਿਲੀਅਨ ਲੋਕ ਹੋ ਸਕਦੇ ਨੇ ਭੁੱਖਮਰੀ ਦੇ ਸ਼ਿਕਾਰ
Thursday, May 28, 2020 - 01:44 PM (IST)
ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਲਾਤੀਨੀ ਅਮਰੀਕਾ ਵਿਚ ਭੁੱਖਮਰੀ ਦੀ ਸਮੱਸਿਆ ਵਧ ਸਕਦੀ ਹੈ। ਇੱਥੇ ਭੁੱਖਮਰੀ 14 ਮਿਲੀਅਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ ਕਿਉਂਕਿ ਲਾਕਡਾਊਨ ਕਾਰਨ ਅਰਥ ਵਿਵਸਥਾ ਪਟੜੀ ਤੋਂ ਉਤਰ ਰਹੀ ਹੈ ਅਜਿਹੇ ਵਿਚ ਲੋਕਾਂ ਦੀ ਜ਼ਿੰਦਗੀ 'ਤੇ ਵੀ ਪ੍ਰਭਾਵ ਪਵੇਗਾ।
ਬੁੱਧਵਾਰ ਦੇਰ ਰਾਤ ਜਾਰੀ ਕੀਤੇ ਗਏ ਨਵੇਂ ਅੰਦਾਜ਼ਿਆਂ ਨਾਲ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਸਾਲ 2019 ਵਿਚ ਇੱਥੇ 3.4 ਮਿਲੀਅਨ ਲੋਕਾਂ ਨੇ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕੀਤਾ ਸੀ। ਹੁਣ ਇਹ ਗਿਣਤੀ ਚਾਰ ਗੁਣਾ ਹੋ ਸਕਦੀ ਹੈ। ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਲਈ ਡਬਲਿਊ. ਐੱਫ. ਪੀ. ਦੇ ਖੇਤਰੀ ਨਿਰਦੇਸ਼ਕ ਮਿਗੁਏਲ ਬੈਰਟੋ ਨੇ ਕਿਹਾ ਕਿ ਅਸੀਂ ਇਕ ਬਹੁਤ ਹੀ ਮੁਸ਼ਕਲ ਪੜਾਅ ਵਿਚ ਦਾਖਲ ਹੋ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਇਸ ਖੇਤਰ ਵਿਚ ਚਾਰੇ ਪਾਸਿਓਂ ਵਧਦੀ ਹੋਈ ਭੁੱਖ ਦੇ ਸੰਕੇਤ ਪਹਿਲਾਂ ਤੋਂ ਹੀ ਮਹਿਸੂਸ ਕੀਤੇ ਜਾ ਰਹੇ ਹਨ, ਜਿੱਥੇ ਪਰੇਸ਼ਾਨ ਲੋਕ ਧਨ ਦੀ ਭਾਲ ਲਈ ਬਾਹਰ ਜਾਣ ਤੇ ਸਹਾਇਤਾ ਦੇਣ ਲਈ ਘਰੋਂ ਬਾਹਰ ਨਿਕਲ ਰਹੇ ਹਨ ਤੇ ਕੁਆਰੰਟੀਨ ਦਾ ਉਲੰਘਣ ਕਰ ਰਹੇ ਹਨ। ਬਹੁਤੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਦੱਸ ਦਈਏ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ। ਇਸ ਸਮੇਂ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਸਿਰਫ ਅਮਰੀਕਾ ਵਿਚ ਹੀ ਹੋਈਆਂ ਹਨ।