ਪਿਛਲੇ ਕੁਝ ਮਹੀਨਿਆਂ ਤੱਕ ਕੋਰੋਨਾ ਦੀ ਕੋਈ ਸਮਝ ਨਹੀਂ ਸੀ : PM ਜਾਨਸਨ

Sunday, Jul 26, 2020 - 01:54 AM (IST)

ਪਿਛਲੇ ਕੁਝ ਮਹੀਨਿਆਂ ਤੱਕ ਕੋਰੋਨਾ ਦੀ ਕੋਈ ਸਮਝ ਨਹੀਂ ਸੀ : PM ਜਾਨਸਨ

ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਹੈ ਕਿ ਸਰਕਾਰ ਨੂੰ ਪਹਿਲੇ ਕੁਝ ਹਫਤਿਆਂ ਅਤੇ ਮਹੀਨਿਆਂ ਤੱਕ ਤਾਂ ਕੋਰੋਨਾਵਾਇਰਸ ਦੇ ਬਾਰੇ ਵਿਚ ਕੁਝ ਸਮਝ ਹੀ ਨਹੀਂ ਸੀ। ਇਕ ਅੰਗ੍ਰੇਜ਼ੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਕੋਰੋਨਾਵਾਇਰਸ ਨਾਲ ਦੂਜੇ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਉਨ੍ਹਾਂ ਅੱਗੇ ਆਖਿਆ ਕਿ ਇਕ ਚੀਜ਼ ਜੋ ਅਸੀਂ ਸ਼ੁਰੂ ਵਿਚ ਨਹੀਂ ਦੇਖੀ ਉਹ ਇਹ ਸੀ ਕਿ ਵਾਇਰਸ ਬਿਨਾਂ ਕਿਸੇ ਲੱਛਣ ਦੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮੇਰੇ ਹਿਸਾਬ ਨਾਲ ਇਹ ਕਹਿਣਾ ਠੀਕ ਹੋਵੇਗਾ ਕਿ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਸ਼ੁਰੂਆਤੀ ਦੌਰ ਵਿਚ ਕੋਰੋਨਾ ਨਾਲ ਕਿਵੇਂ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਇਹ ਸਵਾਲ ਹੁਣ ਵੀ ਜਾਇਜ਼ ਹੈ ਕਿ ਕੀ ਅਸੀਂ ਲਾਕਡਾਊਨ ਲਾਗੂ ਕਰਨ ਵਿਚ ਦੇਰੀ ਕੀਤੀ, ਹਾਲਾਂਕਿ ਉਨ੍ਹਾਂ ਦੇ ਮੰਤਰੀ ਕਹਿੰਦੇ ਰਹੇ ਹਨ ਕਿ ਅਸੀਂ ਸਹੀ ਸਮੇਂ 'ਤੇ ਸਹੀ ਫੈਸਲੇ ਲਏ ਸਨ।

ਇੰਟਰਵਿਊ ਦੌਰਾਨ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਲਾਕਡਾਊਨ ਲਾਗੂ ਕਰਨ ਵਿਚ ਦੇਰੀ ਕੀਤੀ ਗਈ ਸੀ ਜਿਸ ਕਾਰਨ ਬਹੁਤ ਮੌਤਾਂ ਹੋਈਆਂ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਅਜਿਹੀਆਂ ਚੀਜ਼ਾਂ ਹਨ ਜੋ ਅਸੀਂ ਅਲੱਗ ਤਰੀਕੇ ਨਾਲ ਕਰ ਸਕਦੇ ਸੀ ਅਤੇ ਨਿਸ਼ਚਤ ਤੌਰ 'ਤੇ ਇਸ ਨੂੰ ਸਮਝਣ ਲਈ ਸਮਾਂ ਲੱਗੇਗਾ ਕਿ ਸਾਨੂੰ ਅਸਲ ਵਿਚ ਕੀ ਕਰਨਾ ਚਾਹੀਦਾ ਸੀ ਜਾਂ ਅਸੀਂ ਅਲੱਗ ਕੀ ਕਰ ਸਕਦੇ ਸੀ। ਦੱਸ ਦਈਏ ਕਿ ਬ੍ਰਿਟੇਨ ਵਿਚ ਹੁਣ ਕਈ ਥਾਂ ਨਾਈਟ ਕਲੱਬ ਅਤੇ ਬਾਰ ਆਮ ਲੋਕਾਂ ਲਈ ਖੋਲ ਦਿੱਤੇ ਗਏ ਹਨ। ਉਥੇ ਹੀ ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਦੇ 298,681 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 45,738 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Khushdeep Jassi

Content Editor

Related News