ਕੋਰੋਨਾ ਆਫ਼ਤ: ਦੱਖਣੀ-ਪੂਰਬੀ ਕੁਈਨਜ਼ਲੈਂਡ ''ਚ 3 ਦਿਨਾਂ ਲਈ ਤਾਲਾਬੰਦੀ ਲਾਗੂ

Saturday, Jul 31, 2021 - 05:27 PM (IST)

ਕੋਰੋਨਾ ਆਫ਼ਤ: ਦੱਖਣੀ-ਪੂਰਬੀ ਕੁਈਨਜ਼ਲੈਂਡ ''ਚ 3 ਦਿਨਾਂ ਲਈ ਤਾਲਾਬੰਦੀ ਲਾਗੂ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਦੱਖਣੀ-ਪੂਰਬੀ ਖੇਤਰ ਵਿਚ 6 ਨਵੇਂ ਕੋਵਿਡ-19 ਕੇਸ ਦਰਜ ਹੋਣ ਤੋਂ ਬਾਅਦ ਸੂਬਾ ਸਰਕਾਰ ਵਲੋਂ 11 ਸਥਾਨਕ ਖੇਤਰਾਂ ਲਈ 3 ਦਿਨਾਂ ਤਤਕਾਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ, ਜੋ ਸ਼ਨੀਵਾਰ ਸ਼ਾਮੀਂ 4 ਵਜੇ ਤੋਂ ਮੰਗਲਵਾਰ ਸ਼ਾਮ 4 ਵਜੇ ਤੱਕ ਲਾਗੂ ਰਹੇਗੀ। ਇਹ ਸਾਰੇ 6 ਮਾਮਲੇ ਬ੍ਰਿਸਬੇਨ ਦੇ ਪੱਛਮ ਵਿਚ ਇੰਡਰੋਪਿਲੀ ਸਟੇਟ ਹਾਈ ਸਕੂਲ ਦੇ ਕੱਲ੍ਹ ਦੇ ਕੇਸ ਨਾਲ ਜੁੜੇ ਹੋਏ ਹਨ।

ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਨੇ ਕਿਹਾ ਕਿ ਇਹ ਤਾਲਾਬੰਦੀ ਛੋਟੀ ਅਤੇ ਸਖ਼ਤ ਹੋਵੇਗੀ ਪਰ ਇਹ ਬਹੁਤ ਜ਼ਰੂਰੀ ਹੈ। ਇਹ ਤਾਲਾਬੰਦੀ ਬ੍ਰਿਸਬੇਨ, ਲੋਗਨ, ਮੌਰਟਨ ਬੇ, ਇਪਸਵਿਚ, ਰੈਡਲੈਂਡਜ਼, ਸਨਸ਼ਾਈਨ ਕੋਸਟ, ਗੋਲਡ ਕੋਸਟ, ਨੂਸਾ, ਸੋਮਰਸੇਟ, ਲੌਕਰ ਵੈਲੀ ਅਤੇ ਸੀਨਿਕ ਰਿਮ ਆਦਿ ਖੇਤਰਾਂ ਲਈ ਹੋਵੇਗੀ। ਸਿਹਤ ਅਧਿਕਾਰੀਆਂ ਅਨੁਸਾਰ ਇਹਨਾਂ ਸਥਾਨਕ ਸਰਕਾਰੀ ਖੇਤਰਾਂ ਦੇ ਲੋਕ ਸਿਰਫ਼ ਜ਼ਰੂਰੀ ਕਾਰਨਾਂ ਕਰਕੇ ਘਰੋਂ ਬਾਹਰ ਨਿਕਲ ਸਕਦੇ ਹਨ, ਜਿਸ ਵਿਚ 10 ਕਿਲੋਮੀਟਰ ਦੇ ਅੰਦਰ ਕਰਿਆਨੇ, ਦਵਾਈਆਂ ਖ਼ਰੀਦਣਾ, ਕਸਰਤ ਜਾਂ ਜ਼ਰੂਰੀ ਕੰਮ ਲਈ ਜਾਣਾ ਆਦਿ ਸ਼ਾਮਲ ਹੈ। ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਛੋਟ ਹੋਵੇਗੀ ਅਤੇ ਕੋਵਿਡ ਟੀਕਾਕਰਨ ਚੱਲਦਾ ਰਹੇਗਾ। ਬੱਚਿਆਂ ਲਈ ਸਕੂਲ ਬੰਦ ਰਹਿਣਗੇ ਅਤੇ ਘਰ ਤੋਂ ਬਾਹਰ ਮਾਸਕ ਪਹਿਨਣਾ ਲਾਜ਼ਮੀ ਹੈ।


author

cherry

Content Editor

Related News