ਯੂ. ਕੇ. ''ਚ ਨਹੀਂ ਰੁਕ ਰਿਹਾ ਕੋਰੋਨਾ ਮੌਤਾਂ ਦਾ ਸਿਲਸਿਲਾ, ਰੋਜ਼ਾਨਾ ਦੀ ਮੌਤ ਦਰ ''ਚ ਭਾਰੀ ਵਾਧਾ
Thursday, Dec 24, 2020 - 03:58 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਮਹਾਂਮਾਰੀ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਦੁਬਾਰਾ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਹਫਤੇ ਦੇਸ਼ ਵਿਚ ਬੁੱਧਵਾਰ ਨੂੰ 744 ਹੋਰ ਕੋਰੋਨਾ ਵਾਇਰਸ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ ਹੈ, ਜਿਸ ਨਾਲ ਯੂ. ਕੇ. 'ਚ ਮੌਤਾਂ ਦਾ ਕੁੱਲ ਅੰਕੜਾ 69,051 ਹੋ ਗਿਆ ਹੈ।
ਇਸ ਦੇ ਨਾਲ ਹੀ ਤਕਰੀਬਨ 39,000 ਤੋਂ ਵੱਧ ਨਵੇਂ ਕੋਰੋਨਾ ਵਾਇਰਸ ਮਾਮਲੇ ਵੀ ਦਰਜ ਹੋਏ ਹਨ। ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਯੂ. ਕੇ. ਨੇ ਪਿਛਲੇ 24 ਘੰਟਿਆਂ ਦੌਰਾਨ 39,237 ਵਾਇਰਸ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਗਿਣਤੀ ਨੇ ਮੰਗਲਵਾਰ ਨੂੰ ਰਿਕਾਰਡ ਕੀਤੇ ਗਏ 36,804 ਪਾਜ਼ੀਟਿਵ ਮਾਮਲਿਆਂ ਦੇ ਰਿਕਾਰਡ ਨੂੰ ਤੋੜਿਆ ਹੈ। ਇਸ ਦੇ ਨਤੀਜੇ ਵਜੋਂ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਕੋਰੋਨਾ ਦੇ ਲਗਭਗ 2,149,551 ਪਾਜ਼ੀਟਿਵ ਮਾਮਲੇ ਦਰਜ ਹੋਏ ਹਨ।
ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਿਹਤ ਸੱਕਤਰ ਨੇ ਇੰਗਲੈਂਡ ਦੇ ਕਈ ਖੇਤਰਾਂ ਨੂੰ 26 ਦਸੰਬਰ ਤੋਂ ਟੀਅਰ ਚਾਰ ਪੱਧਰ 'ਚ ਸ਼ਾਮਲ ਕਰਨ ਦੀ ਘੋਸ਼ਣਾ ਕੀਤੀ ਹੈ।