ਕੋਰੋਨਾ : ਬਿ੍ਰਟੇਨ ਦੇ ਲੋਕਾਂ ਨੂੰ ਲਾਇਆ ਜਾਵੇਗਾ ਫਲੂ ਦਾ ਟੀਕਾ
Saturday, Jul 25, 2020 - 12:21 AM (IST)
ਲੰਡਨ - ਬਿ੍ਰਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਸਾਲ ਉਥੇ ਲਗਭਗ ਸਾਰੇ ਲੋਕਾਂ ਨੂੰ ਫਲੂ ਦਾ ਟੀਕਾ ਲਗਾਇਆ ਜਾਵੇਗਾ। ਸਿਹਤ ਮਾਹਿਰਾਂ ਦੀ ਚਿਤਾਵਨੀ ਹੈ ਕਿ ਸਰਦੀਆਂ ਦੇ ਮੌਸਮ ਵਿਚ ਕੋਰੋਨਾਵਾਇਰਸ ਲਾਗ ਵਿਚ ਤੇਜ਼ੀ ਦੀ ਸ਼ੰਕਾ ਹੈ। ਇਨ੍ਹਾਂ ਚਿਤਾਵਨੀਆਂ ਨੂੰ ਦੇਖਦੇ ਹੋਏ ਬਿ੍ਰਟੇਨ ਸਰਕਾਰ ਲਾਗ 'ਤੇ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਈ ਹੈ। ਇਸ ਟੀਕਾਕਰਣ ਵਿਚ ਪਹਿਲੀ ਵਾਰ 50 ਸਾਲ ਤੋਂ ਜ਼ਿਆਾਦ ਉਮਰ ਦੇ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦ ਸੈਕੰਡਰੀ ਸਕੂਲ ਵਿਚ ਪਹਿਲੇ ਸਾਲ ਦੇ ਬੱਚਿਆਂ ਨੂੰ ਵੀ ਟੀਕਾ ਲਾਇਆ ਜਾਵੇਗਾ।
ਦੱਸ ਦਈਏ ਕਿ ਬਿ੍ਰਟੇਨ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਹਾਲਾਤ ਪਹਿਲਾਂ ਨਾਲੋ ਕਾਬੂ ਵਿਚ ਦਿੱਖ ਰਹੇ ਹਨ ਪਰ ਫਿਰ ਵੀ ਉਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਸਿਹਤ ਮਾਹਿਰਾਂ ਵੱਲੋਂ ਇਹ ਟੀਕਾਕਰਣ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਦੀਆਂ ਵਿਚ ਇਹ ਵਾਇਰਸ ਆਪਣਾ ਭਿਆਨਕ ਰੂਪ ਦਿਖਾ ਸਕਦਾ ਹੈ ਜਾਂ ਇਸ ਦੀ ਦੂਜੀ ਵੇਵ ਵੀ ਆ ਸਕਦੀ ਹੈ। ਸਾਇੰਸਦਾਨਾਂ ਨੇ ਪਹਿਲਾਂ ਹੀ ਦੁਨੀਆ ਨੂੰ ਆਗਾਹ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਵੇਵ ਪਹਿਲੀ ਵੇਵ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਅਤੇ ਭਿਆਨਕ ਹੋਵੇਗਾ। ਉਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਕੁਝ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਕੋਰੋਨਾ ਕਾਰਨ ਹਾਲਾਤ ਅਜੇ ਹੋਰ ਬਦਤਰ ਹੋ ਸਕਦੇ ਹਨ। ਦੂਜੇ ਪਾਸੇ ਬਿ੍ਰਟੇਨ ਵਿਚ ਹੁਣ ਤੱਕ ਕੋਰੋਨਾ ਦੇ 297,914 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 45,677 ਲੋਕਾਂ ਦੀ ਮੌਤ ਹੋ ਚੁੱਕੀ ਹੈ।