ਕੋਰੋਨਾ : ਦੁਨੀਆ ''ਚ 11000 ਤੋਂ ਵਧੇਰੇ ਮੌਤਾਂ, ਚੰਗੀ ਸਿਹਤ ਸਹੂਲਤ ਵਾਲੇ ਦੇਸ਼ ਦੀ ਵਿਗੜੀ ਹਾਲਤ
Saturday, Mar 21, 2020 - 02:07 AM (IST)
ਰੋਮ (ਏਜੰਸੀ)- ਇਟਲੀ ਲਈ ਹਰ ਬੀਤਦਾ ਦਿਨ ਮੁਸ਼ਕਲਾਂ ਲੈ ਕੇ ਆ ਰਿਹਾ ਹੈ। ਕੋਰੋਨਾ ਵਾਇਰਸ ਨੇ ਇਥੇ ਤਬਾਹੀ ਮਚਾ ਦਿੱਤੀ ਹੈ ਅਤੇ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 4032 ਦਰਜ ਕੀਤੀ ਗਈ। ਪਿਛਲੇ 24 ਘੰਟੇ ਅੰਦਰ 627 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5986 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਕੋਰੋਨਾ ਦਾ ਕੇਂਦਰ ਰਹੇ ਚੀਨ ਵਿਚ ਸਿਰਫ 32 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਾਲਾਤ ਹੱਥੋਂ ਫਿਸਲਦੇ ਦੇਖ ਸਰਕਾਰ ਨੇ ਲਾਕਡਾਊਨ ਲਈ ਫੌਜ ਬੁਲਾ ਲਈ ਹੈ। ਇਥੇ ਇਕ ਪੀੜ੍ਹੀ ਤਬਾਹ ਹੋ ਗਈ ਅਤੇ ਮਰਨ ਵਾਲਿਆਂ ਦੇ ਸਸਕਾਰ ਲਈ ਤਾਬੂਤ ਘੱਟ ਪੈ ਰਹੇ ਹਨ।
ਪੂਰੀ ਦੁਨੀਆ ਵਿਚ ਕੋਰੋਨਾ ਨਾਲ ਕੁਲ 11220 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਤਕਰੀਬਨ 6000 ਮੌਤਾਂ ਯੂਰਪ ਵਿਚ ਹੋਈਆਂ ਹਨ। ਯੂਰਪ ਵਿਚ ਇਟਲੀ ਤੋਂ ਬਾਅਦ ਸਪੇਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਇਥੇ ਇਨਫੈਕਟਿਡ ਲੋਕਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਗਈ। ਮਰਨ ਵਾਲਿਆਂ ਦੀ ਗਿਣਤੀ ਦੇਖੀਏ ਤਾਂ ਟਾਪ ਫਾਈਵ ਦੇਸ਼ਾਂ ਵਿਚ ਚੀਨ ਤੋਂ ਬਾਅਦ ਇਟਲੀ, ਈਰਾਨ (1433), ਸਪੇਨ (1041), ਫਰਾਂਸ (372) ਹੈ, ਜਦੋਂ ਕਿ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 6ਵੇਂ ਸਥਾਨ 'ਤੇ ਹੈ। ਇਥੇ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,777 ਲੋਕ ਇਨਫੈਕਟਿਡ ਹਨ। ਪੂਰੀ ਦੁਨੀਆ ਵਿਚ 2,62000 ਲੋਕ ਇਨਫੈਕਟਿਡ ਹੈ ਅਤੇ ਤਕਰੀਬਨ ਡੇਢ ਲੱਖ ਤੋਂ ਵਧੇਰੇ ਮਾਮਲੇ ਸਿਰਫ ਇਕ ਹਫਤੇ ਅੰਦਰ ਦਰਜ ਕੀਤੇ ਗਏ ਹਨ।
ਯੂਰਪ ਅਤੇ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੋਈਆਂ ਹਨ ਅਤੇ ਉਹ ਵੀ ਸਿਰਫ ਇਕ ਹਫਤੇ ਅੰਦਰ। ਇਟਲੀ ਵਿਚ 60 ਫੀਸਦੀ ਤੋਂ ਜ਼ਿਆਦਾ ਆਬਾਦੀ 40 ਸਾਲ ਤੋਂ ਉਪਰ ਦੀ ਹੈ ਯਾਨੀ ਨੌਜਵਾਨਾਂ ਦੀ ਆਬਾਦੀ ਇਟਲੀ ਵਿਚ ਘੱਟ ਹੈ। ਲੰਬੀ ਉਮਰ ਦਾ ਸਿਹਰਾ ਇਥੋਂ ਦੀ ਬਿਹਤਰ ਸਿਹਤ ਸੇਵਾ ਨੂੰ ਦਿੱਤਾ ਜਾਂਦਾ ਸੀ, ਪਰ ਹੁਣ ਹਾਲਤ ਇਹ ਹੈ ਕਿ ਇਥੇ ਸਿਹਤ ਸੇਵਾ ਖਸਤਾਹਾਲ ਹੋ ਗਈ ਹੈ। ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੀ ਹਾਲਤ ਖਰਾਬ ਹੋ ਗਈ ਹੈ।